ਚੰਡੀਗੜ੍ਹ, 12 ਦਸੰਬਰ , 2018 : ਚਰਚਿਤ ਨੇਤਾ ਅਤੇ ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਜਾਣਨ ਲਈ ਉਹਨਾਂ ਨੂੰ ਮਿਲੇ ਤੇ ਉਹਨਾਂ ਨੂੰ ਪਾਕਿਸਤਾਨੋਂ ਲਿਆਂਦਾ ਤਿੱਤਰ ਵੀ ਭੇਟ ਕੀਤਾ। ਕੈਪਟਨ ਨੂੰ ਮਿਲਣ ਉਪਰੰਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ 'ਚ ਕਾਫੀ ਸੁਧਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਦੋਹਾਂ ਵਿਚਕਾਰ ਬਹੁਤ ਵਧੀਆ ਗੱਲਬਾਤ ਹੋਈ ਤੇ ਕਈ ਅਜਿਹੀਆਂ ਗੱਲਾਂ ਵੀ ਹੋਈਆਂ ਜੋ ਮੀਡੀਆ ਨਾਲ ਸਾਂਝੀ ਨਹੀਂ ਕਰਨਗੇ। ਸਿੱਧੂ ਨੇ ਬੀਤੇ ਦਿਨੀਂ ਕਾਂਗਰਸ ਦੀ ਤਿੰਨ ਸੂਬਿਆਂ 'ਚ ਹੋਈ ਜਿੱਤ 'ਤੇ ਬੋਲਦਿਆਂ ਕਿਹਾ ਕਿ ਇਹ ਕਾਂਗਰਸ ਲਈ ਬਹੁਤ ਵੱਡੀ ਜਿੱਤ ਹੈ ਕਿ ਇਕੱਠੀ ਤਿੰਨ ਸੂਬਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਚਿਤ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਮਨ 'ਚ ਸਭ ਲਈ ਪਿਆਰ ਭਾਵਨਾ ਹੈ ਤੇ ਉਹ ਹਰ ਇਕ ਦਾ ਭਲਾ ਲੋਚਦੇ ਹਨ।
ਉਥੇ ਹੀ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਜੋ ਪਿਆਰ ਅੱਜ ਕੈਪਟਨ ਅਮਰਿੰਦਰ ਨੇ ਦਿੱਤਾ, ਉਸ ਨੂੰ ਬਿਆਨ ਨਹੀਂ ਕਰ ਸਕਦੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਜਿਸ ਨਾਲ ਸਾਰਾ ਝਮੇਲਾ ਪੈਦਾ ਹੋਇਆ। ਉਹਨਾਂ ਕਰਤਾਰਪੁਰ ਲਾਂਘੇ 'ਤੇ ਬੋਲਦਿਆਂ ਕਿਹਾ ਕਿ ਜੋ ਪਿਛਲੇ 71 ਸਾਲਾਂ ਤੋਂ ਨਹੀਂ ਹੋਇਆ, ਉਹ ਹੁਣ ਹੋ ਗਿਆ। ਉਹਨਾਂ ਕਿਹਾ ਕਿ ਇਸ 'ਤੇ ਕੋਈ ਵੀ ਕ੍ਰੈਡਿਟ ਵਾਰ ਨਹੀਂ ਹੋਣੀ ਚਾਹੀਦੀ। ਜੇ ਕ੍ਰੈਡਿਟ ਦੇਣਾ ਵੀ ਚਾਹੀਦਾ ਹੈ ਤਾਂ ਬਾਬੇ ਨਾਨਕ ਨੂੰ ਦੇਣਾ ਚਾਹੀਦਾ ਹੈ ਜਿੰਨ੍ਹਾਂ ਦੀ ਕ੍ਰਿਪਾ ਨਾਲ ਲਾਂਘਾ ਖੁੱਲ੍ਹ ਗਿਆ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ
https://www.facebook.com/BabushahiDotCom/videos/2785635728329158/