ਚੰਡੀਗੜ੍ਹ 12 ਦਸੰਬਰ 2018: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਬੁੱਧਵਾਰ ਨੂੰ ਭਾਰਤ ਦੀ ਦੂਸਰੀ ਜੂਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ੨੦੧੮ ਸ਼ੁਰੂ ਹੋਈ, ਜਿਸਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰਐੱਸ ਬਾਵਾ ਦੁਆਰਾ ਕੀਤਾ ਗਿਆ, ਇਸ ਮੌਕੇ ੨੦੧੮ ਦੀਆਂ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਸ਼੍ਰੀ ਅਮਿਤ ਪੰਘਾਲ, ਬੌਕਸਿੰਗ ਫੇਡਰੇਸ਼ਨ ਆੱਫ ਇੰਡੀਆ ਦੇ ਮੀਤ ਪ੍ਰਧਾਨ ਡਾ. ਸੀਬੀ ਰਾਜੇ ਅਤੇ ਪੰਜਾਬ ਸਟੇਟ ਪਾਵਰ ਕੌਰਪੋਰੇਸ਼ਨ ਲਿਮੀਟਡ ਦੇ ਨਿਰਦੇਸ਼ਕ ਪ੍ਰਸ਼ਾਸਨ ਸ਼੍ਰੀ. ਆਰ ਪੀ ਪੰਡੋਵ ਵੀ ਹਾਜ਼ਰ ਸਨ। ਡਾ. ਸੀਬੀ ਰਾਜੇ ਨੇ ਇੱਕ ਹਫਤਾ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹੁਣ ਤੱਕ ੩੨੧ ਖਿਡਾਰੀਆਂ ਸਹਿਤ ਪੁਰਸ਼ਾਂ ਦੀਆਂ ੩੨ ਟੀਮਾਂ ਜਦਕਿ ੨੨੭ ਖਿਡਾਰਨਾ ਸਹਿਤ ੨੭ ਮਹਿਲਾ ਟੀਮਾਂ ਪਹੁੰਚ ਚੁੱਕੀਆਂ ਹਨ ਜੋ ਕਿ ਦੇਸ਼ ਦੇ ਵੱਖ-ਵੱਖ ਰਾਜਾਂ, ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਨਾਲ ਨਾਲ ਸਰਵਿਸਿਜ਼ ਨਾਲ ਸਬੰਧ ਰੱਖਦੀਆਂ ਹਨ, ਜਿੰਨਾਂ੍ਹ ਵਿੱਚ ਬਹੁਤ ਸਾਰੇ ਕੌਮਾਂਤਰੀ ਪੱਧਰ 'ਤੇ ਮੈਡਲ ਜੇਤੂ ਖਿਡਾਰੀ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਅੰਤਰ-ਰਾਸ਼ਟਰੀ ਟੂਰਨਾਮੈਂਟਾਂ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲੇ ਖਿਡਾਰੀਆਂ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਣਗੇ, ਜਿੰਨਾਂ੍ਹ ਵਿੱਚੋਂ ਭਾਰਤ ਦੀ ਜੂਨੀਅਰ ਇੰਟਰ-ਨੈਸ਼ਨਲ ਬੌਕਸਿੰਗ ਟੀਮ ਦੀ ਹੈੱਡ ਕੋਚ ਅਮਨਪ੍ਰੀਤ ਕੌਰ ਵੀ ਅੱਜ ਇੱਥੇ ਪੁੱਜੀ ਹੈ।
ਬੌਕਸਿੰਗ ਦੇ ਇਸ ਰਾਸ਼ਟਰੀ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਮੌਕੇ ਅੰਤਰ-ਰਾਸ਼ਟਰੀ ਬੌਕਸਰ ਅਮਿਤ ਪੰਘਾਲ ਨੇ ਕਿਹਾ ਕਿ ਭਾਰਤ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ, ਦੇਸ਼ ਦੇ ਨੋਜਵਾਨ ਖਿਡਾਰੀ ਕਿਸੇ ਇੱਕ ਖੇਡ ਤੱਕ ਸੀਮਤ ਨਾ ਰਹਿ ਕੇ ਹਰ ਖੇਡ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਹਰ ਸਾਲ ਕਈ ਮੈਡਲ 'ਤੇ ਟਰਾਫੀਆਂ ਦੇਸ਼ ਦੀ ਝੋਲੀ ਪਾ ਰਹੇ ਹਨ। ਵਿਸ਼ੇਸ਼ ਕਰਕੇ ਬੌਕਸਿੰਗ ਦੀ ਖੇਡ ਵਿੱਚ ਦੇਸ਼ ਦੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ 'ਤੇ ਵੱਡਾ ਨਾਮਣਾ ਖੱਟਣ ਵਿੱਚ ਕਾਮਯਾਬ ਹੋਏ ਹਨ, ਜਿਸ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਹੋ ਰਿਹਾ ਇਹ ਟੂਰਨਾਮੈਂਟ ਦੇਸ਼ ਦੇ ਯੁਵਾ ਬੋਕਸਰਾਂ ਲਈ ਬੇਹੱਦ ਪ੍ਰੇਰਨਾ ਦਾਇਕ ਸਿੱਧ ਹੋਵੇਗਾ। ਇਸ ਜੂਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ੨੦੧੮ ਦੇ ਕੋਆਰਡੀਨੇਟਰ ਐਨ ਨਿਰਵਾਨ ਨੇ ਦੱਸਿਆ ਕਿ ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ੪੬ ਕਿਲੋ ਭਾਰ ਵਰਗ ਦੇ ਕੁੱਲ ੫੮ ਮੈਚ ਪੁਰਸ਼ ਸ਼੍ਰੇਣੀ ਜਦਕਿ ੨੭ ਮੈਚ ਮਹਿਲਾ ਸ਼੍ਰੇਣੀ ਵਿੱਚ ਹੋਣ ਜਾ ਰਹੇ ਹਨ। ਸ਼ੁਰੂਆਤੀ ਮੁਕਾਬਲਿਆਂ ਵਿੱਚ ਪੁਰਸ਼ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਦੇ ਰੇਹਾਨ ਸ਼ੇਖ ਨੇ ਅਰੁਨਾਚਲ ਪ੍ਰਦੇਸ਼ ਦੇ ਭਗਤ ਬਚੁੰਗ ਨੂੰ ੫-੦ ਦੇ ਅੰਤਰ ਨਾਲ, ਤਾਮਿਲਨਾਡੂ ਦੇ ਐਸ ਕਾਲਾਰਸਨ ਨੇ ਰਾਜਸਥਾਨ ਦੇ ਹਰਸ਼ ਚੰਦਰ ਮੀਨਾ ਨੂੰ ੪-੧ ਦੇ ਫਰਕ ਨਾਲ, ਛੱਤੀਸਗੜ ਦੇ ਦਕਸ਼ ਚੌਹਾਨ ਨੇ ਚੰਡੀਗੜ੍ਹ ਦੇ ਦੀਪਕ ਨੂੰ ੩-੨ ਦੇ ਅੰਤਰ ਨਾਲ, ਉੱਤਰ ਪ੍ਰਦੇਸ਼ ਦੇ ਮਨੀਸ਼ ਰਾਠੌਰ ਨੇ ਗੁਜਰਾਤ ਦੇ ਲਰਵਿਨ ਸੋਲੰਕੀ ਨੂੰ ੫-੦, ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੇ ਸੰਜੀਤ ਨੇ ਉੜੀਸਾ ਦੇ ਜਿੰਤੇਦਰ ਮੋਹੰਤੀ ਨੂੰ ੫-੦ ਦੇ ਅੰਤਰ ਨਾਲ ਹਰਾਇਆ, ਜਦਕਿ ਹਰਿਆਣਾ ਦਾ ਅੰਸ਼ੁਲ ਸਰੋਇਆ ਵਾੱਕ
ਓਵਰ ਤਕਨੀਕ ਰਾਹੀਂ ਆਪਣੇ ਅਗਲੇ ਗੇੜ ਵਿੱਚ ਪਹੁੰਚਿਆ। ਮਹਿਲਾ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਦੀ ਯੋਗਿਤਾ ਪਰਦੇਸ਼ੀ ਨੇ ੫-੦ ਦੇ ਫਰਕ ਦੇ ਨਾਲ ਉੜੀਸਾ ਦੀ ਪੁਰਨਿਮਾ ਸੇਠੀ ਨੂੰ, ਰਾਜਸਥਾਨ ਦੀ ਅੰਜਲੀ ਚੌਧਰੀ ਨੇ ਮੱਧ ਪ੍ਰਦੇਸ਼ ਦੀ ਅਨੀਕਿਤਾ ਵਰਮਾ ਨੂੰ ੫-੦ ਦੇ ਫਰਕ ਨਾਲ, ਹਰਿਆਣਾ ਦੀ ਰਜਨੀ ਨੇ ਤੇਲੰਗਨਾ ਦੀ ਲਨਾਦਿੱਥੀ ਗੌੜ ਨੂੰ ੫-੦ ਦੇ ਫਰਕ ਨਾਲ, ਗੋਆ ਦੀ ਆਰਤੀ ਚਵਨ ਨੇ ਬਿਹਾਰ ਦੀ ਸੁਸ਼ਮਾ ਕੁਮਾਰੀ ਨੂੰ ੫-੦ ਦੇ ਫਰਕ ਨਾਲ, ਮਨੀਪੁਰ ਦੀ ਓ ਪਿੰਕੀ ਦੇਵੀ ਨੇ ਪੰਜਾਬ ਦੀ ਮਨਮੀਤ ਕੌਰ ਨੂੰ ੫-੦ ਦੇ ਫਰਕ ਨਾਲ, ਜਦਕਿ ਮਹਾਰਾਸ਼ਟਰ ਦੀ ਗਾਇਤਰੀ ਪਾਟਿਲ ਨੇ ਉੜੀਸਾ ਦੀ ਸੋਨੀਆ ਰਾਣਾ ਨੂੰ ੫-੦ ਦੇ ਅੰਤਰ ਨਾਲ ਹਰਾਇਆ, ਇਸਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀ ਸਿਰੀਸ਼ਾ ਪਿਠਾਨੀ, ਉੱਤਰ ਪ੍ਰਦੇਸ਼ ਦੀ ਰਾਗਿਨੀ ਉਪਾਧੇ, ਆਸਾਮ ਦੀ ਪ੍ਰਿਅੰਕਾ ਬੋਰਾਹ, ਗੋਆ ਦੀ ਸੁਮਨ ਯਾਦਵ ਆਪੋ-ਆਪਣੇ ਮੁਕਾਬਲੇ ਵਿੱਚ ਵਾੱਕ-ਓਵਰ ਨਿਯਮ ਰਾਹੀਂ ਅਗਲੇ ਰਾਊਂਡ ਵਿੱਚ ਦਾਖਿਲ ਹੋਈਆਂ।
ਭਾਰਤ ਦੇ ਨੋਜਵਾਨ ਖਿਡਾਰੀਆਂ ਨੂੰ ਹੱਲਾ ਸ਼ੇਰੀ ਦੇਣ ਦੇ ਲਈ ਦਿੱਲੀ ਵਿਖੇ ਹੋਈ ਬੌਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਕਾਂਸੇ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਸਿਮਰਨ ਕੌਰ, ਬੌਕਸਿੰਗ ਫੇਡਰੇਸ਼ਨ ਆੱਫ
ਇੰਡੀਆ ਦੇ ਨਾੱਰਥ ਜੌਨ ਦੇ ਜਨਰਲ ਸਕੱਤਰ ਸੰਕਰ ਦੱਤ ਅਤੇ ਈਵੈਂਟ ਦੇ ਸੁਪਰਵਾਇਜ਼ਰ ਨਰੂਪਲ ਘਰਤ, ਡਿਪਟੀ ਸੁਪਰਵਾਈਜ਼ਰ ਖੋਇਬੀ ਸਲਾਮ ਵੀ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।