ਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਹਾਕੀ ਵਿਸ਼ਵ ਕੱਪ ਦੇ ਅੱਜ ਸ਼ੁਰੂ ਹੋਏ ਕੁਆਰਟਰ ਫਾਈਨਲ ਮੁਕਾਬਲਿਆਂ ਦੇ ਪਹਿਲੇ ਹੀ ਮੈਚ ਵਿੱਚ ਵੱਡਾ ਉਲਟ ਫੇਰ ਕਰਦਿਆਂ ਇੰਗਲੈਂਡ ਨੇ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਸੈਮੀ ਫ਼ਾਈਨਲ ਦੀ ਟਿਕਟ ਕਟਾ ਲਈ।ਸੈਮੀ ਫ਼ਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਜਰਮਨੀ ਤੇ ਬੈਲਜੀਅਮ ਵਿਚਾਲੇ ਖੇਡੇ ਜਾਣ ਵਾਲੇ ਕੁਅਾਰਟਰ ਫਾੲੀਨਲ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।ਦੂਜੇ ਕੁਆਰਟਰ ਫਾੲੀਨਲ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਫਰਾਂਸ ਨੂੰ 3-0 ਨਾਲ ਹਰਾ ਕੇ ਸੈਮੀ ਫ਼ਾਈਨਲ ਵਿੱਚ ਥਾਂ ਪੱਕੀ ਕੀਤੀ।ਆਸਟਰੇਲੀਆ ਦਾ ਸੈਮੀਜ਼ ਚ ਮੁਕਾਬਲਾ ਭਾਰਤ ਤੇ ਹਾਲੈਂਡ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।
ਪਹਿਲੇ ਕੁਆਰਟਰ ਫਾਈਨਲ ਵਿੱਚ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ।ਅਰਜਨਟੀਨਾ ਨੇ ਦੂਜੇ ਕੁਆਰਟਰ ਵਿੱਚ ਇਕ ਵਾਰ ਲੀਡ ਲੈ ਲਈ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਬਰਾਬਰੀ ਕੀਤੀ ਅਤੇ ਤੀਜੇ ਕੁਆਰਟਰ ਦੇ ਅੰਤ ਤੱਕ ਅੰਗਰੇਜ਼ਾਂ ਨੇ 2-1 ਨਾਲ ਲੀਡ ਲੈ ਲਈ। ਚੌਥੇ ਤੇ ਆਖਰੀ ਕੁਆਰਟਰ ਵਿੱਚ ਓਲੰਪਿਕ ਚੈਂਪੀਅਨ ਨੇ ਇਕ ਵਾਰ ਤਾਂ ਵਾਪਸੀ ਕਰ ਕੇ ਬਰਾਬਰੀ ਕੀਤੀ ਅਤੇ ਫੇਰ ਅਗਲੇ ਹੀ ਪਲ ਇੰਗਲੈਂਡ ਨੇ ਗੋਲ ਕਰ ਕੇ 3-2 ਨਾਲ ਲੀਡ ਲੈ ਲਈ ਅਤੇ ਅੰਤ ਇਹ ਜੇਤੂ ਸਾਬਤ ਹੋਈ।ਇੰਗਲੈਂਡ ਵੱਲੋਂ ਮਿਡਲਟਨ ਨੇ 27ਵੇਂ, ਕੈਲਨਾਨ ਨੇ 45ਵੇਂ ਤੇ ਮਾਰਟਿਨ ਨੇ 49ਵੇਂ ਮਿੰਟ ਵਿੱਚ ਗੋਲ ਕੀਤਾ ਜਦੋਂਕਿ ਅਰਜਨਟੀਨਾ ਵੱਲੋਂ ਦੋਵੇਂ ਗੋਲ ਗੌਂਜਾਲੋ ਪੀਲਾਈਟ ਨੇ 17ਵੇਂ ਤੇ 48ਵੇਂ ਮਿੰਟ ਵਿੱਚ ਕੀਤੇ।
ਦੂਜੇ ਕੁਆਰਟਰ ਫ਼ਾਈਨਲ ਵਿੱਚ ਆਸਟਰੇਲੀਆ ਨੇ ਫਰਾਂਸ ਨੂੰ 3-0 ਨਾਲ ਹਰਾ ਕੇ ਆਖਰੀ ਚਾਰਾਂ ਵਿੱਚ ਸਥਾਨ ਪੱਕਾ ਕੀਤਾ। ਕੰਗਾਰੂਆਂ ਨੇ ਪਹਿਲੇ ਅੱਧ ਵਿੱਚ ਦੋ ਗੋਲ ਅਤੇ ਦੂਜੇ ਅੱਧ ਵਿੱਚ ਇਕ ਗੋਲ ਕੀਤਾ। ਆਸਟਰੇਲੀਆ ਵੱਲੋਂ ਜੈਰਮੀ ਹੇਵਰਡ ਨੇ ਚੌਥੇ, ਬਲੇਕ ਗੋਵਰਜ਼ ਨੇ 19ਵੇਂ ਤੇ ਐਰਾਨ ਜ਼ੇਲਵਸਕੀ ਨੇ 37ਵੇਂ ਮਿੰਟ ਵਿੱਚ ਗੋਲ ਕੀਤਾ।