ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਕੁੱਕੜਮਜਾਰਾ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ 550 ਮੁਫਤ ਮੈਡੀਕਲ ਕੈਂਪਾਂ ਦੀ ਅੱਜ ਚੰਦਿਆਣੀ ਖੁਰਦ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ,ਸ ਮਹਿੰਦਰ ਸਿੰਘ ਭਾਟੀਆ, ਸ ਬਲਵੀਰ ਸਿੰਘ ਬੈਂਸ, ਦੀਪਕ ਬਾਲੀ, ਸ ਰਘਬੀਰ ਸਿੰਘ ਮੁੱਖ ਪ੍ਰਬੰਧਕ ਨੇ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਦੇ 94ਵੇਂ ਜਨਮ ਦਿਨ ਮੌਕੇ ਟਰੱਸਟ ਵੱਲੋਂ 550 ਮੁਫਤ ਮੈਡੀਕਲ ਕੈਂਪ ਵੱਖ ਵੱਖ ਪਿੰਡਾਂ ਵਿੱਚ ਲਗਾਉਣ ਦਾ ਜੋ ਫੈਸਲਾ ਕੀਤਾ ਸੀ ਉਸ ਫੈਸਲੇ ਅੁਨਸਾਰ ਅੱਜ 550 ਮੁਫਤ ਕੈਂਪਾਂ ਦੀ ਲੜੀ ਦੀ ਬਲਾਕ ਸੜੋਆ ਦੇ ਪਿੰਡ ਚੰਦਿਆਣੀ ਖੁਰਦ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਪਹਿਲੇ ਵਿਸ਼ਾਲ ਕੈਂਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਬੀਬੀ ਸ਼ੁਸ਼ੀਲ ਕੌਰ ਟਰੱਸਟ ਪ੍ਰਧਾਨ ਨੇ ਦੱਸਿਆ ਕਿ 550 ਕੈਂਪਾਂ ਦੇ ਇਸ ਪਹਿਲੇ ਕੈਂਪ ਦਾ ਉਦਘਾਟਨ ਸ੍ਰੀ ਜੈਸ ਔਜਲਾ (ਕੈਨੇਡਾ) ਕਰਨਗੇ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਮੈਡੀਸਨ,ਗਾਇਨੀ,ਅੱਖਾਂ ਅਤੇ ਦੰਦਾਂ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰਨਗੇ। ਮਰੀਜ਼ਾਂ ਨੂੰ ਦਵਾਈਆਂ ਗੁਰੂ ਨਾਨਕ ਮਿਸ਼ਨ ਟਰੱਸਟ ਵਲੋਂ ਮੁਫਤ ਦਿੱਤੀਆਂ ਜਾਣਗੀਆਂ।ਕੈਂਪ ਦੌਰਾਨ ਸ਼ੂਗਰ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ।ਟਰੱਸਟ ਮੈਂਬਰਾਂ ਨੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।