ਪਟਿਆਲਾ, 15 ਦਸੰਬਰ 2018: ਪਟਿਆਲਾ ਪੁਲਿਸ ਨੇ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਇੱਕ ਨਬਾਲਗ ਬੱਚੀ ਨਾਲ ਕੁੱਟਮਾਰ ਕਰਨ ਸਬੰਧੀਂ ਮਕਾਨ ਮਾਲਕਣ ਰੁਪਾਂਕਸਾ ਪਤਨੀ ਕੰਨੂ ਬਾਂਸਲ ਵਾਸੀ ਨਿਊ ਅਫ਼ਸਰ ਕਲੋਨੀ ਪਟਿਆਲਾ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 323, 341, 506 ਅਤੇ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 75 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਕੇਸ 'ਚ ਬੱਚੀ ਦੀ ਸੂਚਨਾ ਬਾਲ ਭਲਾਈ ਕਮੇਟੀ ਨੂੰ ਦੇਣ ਵਾਲੇ ਪ੍ਰੋ. ਸੁਮਰਿੰਦਰ ਸਿੰਘ ਸੀਰਾ ਨੂੰ ਇੱਕ ਅਹਿਮ ਗਵਾਹ ਵਜੋਂ ਰੱਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਸ. ਕੇਸਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਕੋਲ ਬਾਲ ਭਲਾਈ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਬਲਦੇਵ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਕਿ, ਉਨ੍ਹਾਂ ਨੂੰ ਪ੍ਰੋ. ਸੁਮਰਿੰਦਰ ਸਿੰਘ ਸੀਰਾ ਵਾਸੀ ਮਕਾਨ ਨੰਬਰ 1 ਨਿਊ ਅਫ਼ਸਰ ਕਲੋਨੀ ਪਟਿਆਲਾ ਦੇ ਘਰ ਇੱਕ ਡਰੀ ਤੇ ਸਹਿਮੀ ਹੋਈ ਹਾਲਤ 'ਚ ਪੁੱਜੀ ਬੱਚੀ ਮਿਲੀ ਸੀ, ਜੋ ਕਿ ਮਕਾਨ ਨੰਬਰ 81 ਨਿਊ ਅਫ਼ਸਰ ਇਨਕਲੇਵ ਪਟਿਆਲਾ ਵਿਖੇ ਕੰਮ ਕਰਦੀ ਸੀ।
ਸ. ਕੇਸਰ ਸਿੰਘ ਨੇ ਦੱਸਿਆ ਕਿ ਇਸ ਦੀ ਮਾਲਕਣ ਰੁਪਾਂਕਸਾ ਪਤਨੀ ਕੰਨੂ ਬਾਂਸਲ ਨੇ ਇਸ ਬੱਚੀ ਨਾਲ ਕੁੱਟ ਮਾਰ ਕੀਤੀ ਸੀ, ਜਿਸ ਦੀ ਸੂਚਨਾ ਪ੍ਰੋ. ਸੁਮਰਿੰਦਰ ਸਿੰਘ ਨੇ ਬਾਲ ਭਲਾਈ ਕਮੇਟੀ ਪਟਿਆਲਾ ਨੂੰ ਦਿੱਤੀ ਅਤੇ ਕਮੇਟੀ ਦੇ ਮੈਂਬਰ ਪ੍ਰੋ. ਸੀਰਾ ਦੇ ਘਰ ਪੁੱਜੇ ਅਤੇ ਬੱਚੀ ਦੀ ਸੰਭਾਲ ਕੀਤੀ ਅਤੇ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਦਰਖਾਸਤ ਪੁਲਿਸ ਨੂੰ ਦਿੱਤੀ।
ਐਸ.ਪੀ. ਸਿਟੀ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਵੱਲੋਂ ਐਸ.ਐਸ.ਪੀ. ਪਟਿਆਲਾ ਨੂੰ ਦਿੱਤੀ ਉਕਤ ਦਰਖਾਸਤ ਦੀ ਪੜਤਾਲ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਕਰਕੇ ਇਸ ਮਾਮਲੇ 'ਚ ਮਕਾਨ ਮਾਲਕਣ ਰੁਪਾਂਕਸਾ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਪ੍ਰੋ. ਸੁਮਰਿੰਦਰ ਸਿੰਘ ਸੀਰਾ ਇਸ ਕੇਸ 'ਚ ਇੱਕ ਗਵਾਹ ਹਨ। ਐਸ.ਪੀ. ਸਿਟੀ ਨੇ ਹੋਰ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਚੌਂਕੀ ਅਫ਼ਸਰ ਕਲੋਨੀ ਦੇ ਇੰਚਾਰਜ ਏ.ਐਸ.ਆਈ. ਕਰਨੈਲ ਸਿੰਘ ਕਰ ਰਹੇ ਹਨ।