← ਪਿਛੇ ਪਰਤੋ
ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216) ਹਾਕੀ ਵਿਸ਼ਵ ਕੱਪ ਦੇ ਅੱਜ ਖੇਡੇ ਗਏ ਦੋ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਹਾਲੈਂਡ ਨੇ ਪਿਛਲੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਸਡਨ ਡੈਥ ਵਿੱਚ 4-3 (6-5) ਨਾਲ ਹਰਾ ਕੇ ਕੰਗਾਰੂਆਂ ਦਾ ਖਿਤਾਬੀ ਹੈਟ੍ਰਿਕ ਜਿੱਤਣ ਦਾ ਸੁਫਨਾ ਚਕਨਾਚੂਰ ਕਰਦਿਆਂ ਫਾਈਨਲ ਵਿੱਚ ਦਾਖਲਾ ਪਾਇਆ ਜਦੋਂ ਕਿ ਬੈਲਜੀਅਮ ਨੇ ਇੰਗਲੈਂਡ ਨੂੰ ਇਕਪਾਸੜ ਮੁਕਾਬਲੇ ਵਿੱਚ 6-0 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ। ਹਾਲੈਂਡ ਰਿਕਾਰਡ ਸੱਤਵੀਂ ਵਾਰ ਫਾਈਨਲ ਵਿੱਚ ਪੁੱਜਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਕੋਈ ਵੀ ਟੀਮ ਸੱਤ ਵਾਰ ਫਾਈਨਲ ਵਿੱਚ ਦਾਖਲ ਨਹੀਂ ਹੋਈ ਜਦੋਂ ਕਿ ਬੈਲਜੀਅਮ ਆਪਣਾ ਪਲੇਠਾ ਫਾਈਨਲ ਖੇਡੇਗਾ। ਇਕ ਤਰ•ਾਂ ਨਾਲ ਹੁਣ ਯੂਰੋਪੀਅਨ ਫਾਈਨਲ ਬਣ ਗਿਆ ਜਿਸ ਵਿੱਚ ਦੋ ਯੂਰੋਪੀਅਨ ਟੀਮਾਂ ਹਾਲੈਂਡ ਤੇ ਬੈਲਜੀਅਮ ਆਹਮੋ-ਸਾਹਮਣੇ ਹੋਣਗੇ। ਦੂਜਾ ਸੈਮੀ ਫਾਈਨਲ ਇਕ ਤਰ•ਾਂ ਨਾਲ ਫਾਈਨਲ ਹੀ ਹੋ ਨਿਬੜਿਆ। ਹਾਲੈਂਡ ਨੇ ਆਸਟਰੇਲੀਆ ਵਿਰੁੱਧ ਪਹਿਲੇ ਦੋ ਕੁਆਰਟਰਾਂ ਵਿੱਚ ਇਕ-ਇਕ ਗੋਲ ਕਰ ਕੇ ਅੱਧੇ ਸਮੇਂ ਤੱਕ 2-0 ਦੀ ਲੀਡ ਬਣਾ ਲਈ ਸੀ ਜਦੋਂ ਕਿ ਤੀਜੇ ਕੁਆਰਟਰ ਵਿੱਚ ਗੋਲ ਖਾਣ ਕਾਰਨ ਲੀਡ ਘਟ ਗਈ। ਮੈਚ ਦੇ ਅੰਤਲੇ ਮਿੰਟ ਵਿੱਚ ਆਸਟਰੇਲੀਆ ਨੇ 2-2 ਨਾਲ ਬਰਾਬਰੀ ਕਰ ਲਈ। ਫੇਰ ਟਾਈਬ੍ਰੇਕਰ ਵਿੱਚ ਵੀ ਸਕੋਰ 3-3 (5-5) ਨਾਲ ਬਰਾਬਰ ਰਿਹਾ। ਅੰਤ ਸਡਨ ਡੈਥ ਵਿੱਚ ਮੈਚ ਦਾ ਫੈਸਲਾ ਹੋਇਆ ਅਤੇ ਹਾਲੈਂਡ ਨੇ 4-3 (6-5) ਨਾਲ ਮੈਚ ਜਿੱਤ ਕੇ ਫਾਈਨਲ ਵਿੱਚ ਦਾਖਲਾ ਪਾਇਆ। ਹਾਲੈਂਡ ਦੇ ਸਟਾਰ ਖਿਡਾਰੀ ਹਰਟਜ਼ਬਰਗਰ ਨੇ ਸ਼ੂਟ ਆਊਟ ਵਿੱਚ ਦੋ ਗੋਲ (ਪਹਿਲਾ ਤੇ ਆਖਰੀ) ਕੀਤਾ ਜੋ ਕਿ ਫੈਸਲਾਕੁੰਨ ਸਾਬਤ ਹੋਏ। ਹਾਲੈਂਡ ਨੇ ਪਿਛਲੇ 2014 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹੋਈ ਹਾਰ ਦਾ ਬਦਲਾ ਲੈ ਲਿਆ ਅਤੇ ਰਿਕਾਰਡ ਸੱਤਵੀਂ ਵਾਰ ਫਾਈਨਲ ਖੇਡੇਗਾ। ਕੰਗਾਰੂਆਂ ਨੇ ਜ਼ੋਰ ਬਹੁਤ ਲਾਇਆ ਪਰ ਡੱਚਾਂ ਦੀ ਕਿਸਮਤ ਉਨ•ਾਂ ਦੇ ਨਾਲ ਸੀ। ਇਸ ਤੋਂ ਪਹਿਲਾ ਦਿਨ ਦਾ ਪਹਿਲਾ ਸੈਮੀ ਫਾਈਨਲ ਇਕਪਾਸੜ ਹੀ ਰਿਹਾ ਜਿਸ ਵਿੱਚ ਓਲੰਪਿਕ ਉਪ ਜੇਤੂ ਬੈਲਜੀਅਮ ਨੇ ਇੰਗਲੈਂਡ ਨੂੰ 6-0 ਨਾਲ ਰੌਂਦ ਕੇ ਪਹਿਲੀ ਵਾਰ ਫਾਈਨਲ ਦੀ ਟਿਕਟ ਕਟਾਈ। ਬੈਲਜੀਅਮ ਨੇ ਪਹਿਲੇ ਦੋ ਕੁਆਰਟਰਾਂ ਵਿੱਚ 1-1 ਅਤੇ ਤੀਜੇ ਤੇ ਚੌਥੇ ਕੁਆਰਟਰ ਵਿੱਚ 2-2 ਗੋਲ ਕੀਤੇ। ਵਿਸ਼ਵ ਕੱਪ ਵਿੱਚ ਸੱਤ ਗੋਲਾਂ ਨਾਲ ਟਾਪ ਸਕੋਰਰ ਚੱਲ ਰਹੇ ਬੈਲਜੀਅਮ ਦੇ ਸਟਾਰ ਖਿਡਾਰੀ ਅਲੈਗਜੈਂਡਰ ਹੈਂਡਰਿਕਸ ਨੇ ਦੋ ਗੋਲ ਕੀਤੇ। 16 ਦਸੰਬਰ ਨੂੰ ਐਤਵਾਰ ਦੇ ਦਿਨ ਫਾਈਨਲ ਵਿੱਚ ਹਾਲੈਂਡ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ ਜਦੋਂ ਕਿ ਤੀਜੇ ਸਥਾਨ ਵਾਲੇ ਮੈਚ ਵਿੱਚ ਇੰਗਲੈਂਡ ਤੇ ਆਸਟਰੇਲੀਆ ਆਹਮੋ-ਸਾਹਮਣੇ ਹੋਣਗੇ।
Total Responses : 189