ਨਵਾਂ ਸ਼ਹਿਰ, 15 ਦਸੰਬਰ 2018: ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਪਹਿਲੇ ਦਿਨ ਕੁੱਲ 27 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਨ੍ਹਾਂ ’ਚੋਂ 11 ਨਵਾਂਸ਼ਹਿਰ ਬਲਾਕ ’ਚ, 15 ਬੰਗਾ ਬਲਾਕ ’ਚ ਅਤੇ ਇੱਕ ਸੜੋਆ ਬਲਾਕ ’ਚ ਦਰਜ ਕੀਤੀ ਗਈ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਨੈ ਬਬਲਾਨੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਇਆ ਨਾਮਜ਼ਦਗੀ ਅਮਲ 19 ਦਸੰਬਰ ਤੱਕ ਚੱਲੇਗਾ, ਜਿਸ ਲਈ ਜ਼ਿਲ੍ਹੇ ’ਚ 43 ਰਿਟਰਨਿੰਗ ਅਫ਼ਸਰ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਔੜ ਤੇ ਬਲਾਚੌਰ ਬਲਾਕ ’ਚ ਅੱਜ ਕੋਈ ਵੀ ਨਾਮਜ਼ਦਗੀ ਨਹੀਂ ਆਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਨੇ ਸਰਪੰਚ ਅਤੇ ਪੰਚਾਂ ਦੀਆਂ ਨਾਮਜ਼ਦਗੀਆਂ ਦਾ ਬਲਾਕਵਾਰ ਵੇਰਵਾ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਬਲਾਕ ’ਚ ਸਰਪੰਚੀ ਵਾਸਤੇ ਅੱਜ ਪਹਿਲੇ ਦਿਨ 6 ਨਾਮਜ਼ਦਗੀਆਂ ਆਈਆਂ ਜਦਕਿ ਪੰਚੀ ਵਾਸਤੇ 5 ਨਾਮਜ਼ਦਗੀਆਂ ਮਿਲੀਆਂ। ਬੰਗਾ ਬਲਾਕ ’ਚ ਸਰਪੰਚੀ ਵਾਸਤੇ 3 ਅਤੇ ਪੰਚੀ ਵਾਸਤੇ 12 ਨਾਮਜ਼ਦਗੀ ਪੱਤਰ ਹਾਸਲ ਹੋਏ। ਸੜੋਆ ਬਲਾਕ ’ਚ ਸਰਪੰਚੀ ਵਾਸਤੇ ਇੱਕ ਨਾਮਜ਼ਖਦਗੀ ਆਈ ਜਦਕਿ ਪੰਚੀ ਲਈ ਕੋਈ ਨਾਮਜ਼ਦਗੀ ਨਹੀਂ ਆਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਬਲਾਕਵਾਰ ਔੜ ਵਿਖੇ 6, ਬੰਗਾ ਵਿਖੇ 10, ਨਵਾਂਸ਼ਹਿਰ ਵਿਖੇ 9, ਸੜੋਆ ਵਿਖੇ 6 ਅਤੇ ਬਲਾਚੌਰ ਵਿਖੇ 12 ਰਿਟਰਨਿੰਗ ਅਫ਼ਸਰ ਲਾਏ ਗਏ ਹਨ ਜੋ ਕਿ 466 ਪੰਚਾਇਤਾਂ ਦੇ ਨਾਮਜ਼ਦਗੀ ਅਮਲ ਨੂੰ ਦੇਖਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਐਤਵਾਰ ਨੂੰ ਛੱਡ ਕੇ ਨਾਮਜ਼ਦਗੀ ਅਮਲ ਨਿਰੰਤਰ ਚਲਦਾ ਰਹੇਗਾ ਜਿਸ ਦੌਰਾਨ ਸਵੇਰੇ 11 ਤੋਂ 5 ਵਜੇ ਤੱਕ ਉਮੀਦਵਾਰ ਔੜ, ਬੰਗਾ, ਨਵਾਂਸ਼ਹਿਰ, ਸੜੋਆ ਅਤੇ ਬਲਾਚੌਰ ਵਿਖੇ ਬਣਾਏ ਗਏ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ’ਚ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਨਾਮਜ਼ਦਗੀ ਪੱਤਰ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫ਼ੀਸ 100 ਰੁਪਏ ਜਨਰਲ/ਬੀ ਸੀ ਸ੍ਰੇਣੀ ਲਈ ਅਤੇ 50 ਰੁਪਏ ਐਸ ਸੀ ਸ੍ਰੇਣੀ ਲਈ ਹੈ।