ਹਾਕੀ ਵਿਸ਼ਵ ਕੱਪ ਦੇ ਅੱਜ ਖੇਡੇ ਜਾਣ ਬਾਰੇ ਫਾਈਨਲ ਬਾਰੇ ਨਵਦੀਪ ਸਿੰਘ ਗਿੱਲ ਦੀ ਵਿਸ਼ੇਸ਼ ਸਮੀਖਿਆ ਰਿਪੋਰਟ
ਚੌਥੀ ਵਾਰ ਵਿਸ਼ਵ ਕੱਪ ਜਿੱਤ ਕੇ ਪਾਕਿਸਤਾਨ ਦੀ ਬਰਾਬਰੀ ਕਰਨ ਲਈ ਟਿੱਲ ਲਾਵੇਗੀ ਡੱਚ ਟੀਮ
ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਹਾਲੈਂਡ ਤੇ ਬੈਲਜੀਅਮ ਵਿਚਾਲੇ 14ਵੇਂ ਹਾਕੀ ਵਿਸ਼ਵ ਕੱਪ ਦਾ ਫਾਈਨਲ ਅੱਜ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਡੱਚ ਟੀਮ ਰਿਕਾਰਡ ਸੱਤਵੀਂ ਵਾਰ ਫਾਈਨਲ ਖੇਡ ਰਹੀ ਹੈ ਜਦੋਂ ਕਿ ਬੈਲਜੀਅਮ ਪਹਿਲੀ ਵਾਰ ਫਾਈਨਲ ਖੇਡੇਗੀ। ਕੌਮਾਂਤਰੀ ਹਾਕੀ ਰੈਂਕਿੰਗ ਵਿੱਚ ਬੈਲਜੀਅਮ ਦਾ ਤੀਜਾ ਅਤੇ ਹਾਲੈਂਡ ਦਾ ਚੌਥਾ ਦਰਜਾ ਹੈ ਪ੍ਰੰਤੂ ਤਜ਼ਰਬੇ ਪੱਖੋਂ ਹਾਲੈਂਡ ਦੀ ਟੀਮ ਕੋਲ ਵਿਸ਼ਵ ਕੱਪ ਦੇ ਸਭ ਤੋਂ ਵੱਧ ਫਾਈਨਲ ਖੇਡਣ ਵਾਲੀ ਟੀਮ ਹੈ। ਰੀਓ ਓਲੰਪਿਕ ਖੇਡਾਂ ਵਿੱਚ ਉਪ ਜੇਤੂ ਰਹੀ ਬੈਲਜੀਅਮ ਟੀਮ ਕੋਲ ਵੀ ਪਹਿਲੀ ਵਾਰ ਵੱਡਾ ਹਾਕੀ ਟੂਰਨਾਮੈਂਟ ਦਾ ਜਿੱਤਣ ਦਾ ਮੌਕਾ ਹੈ।
ਡੱਚ ਟੀਮ ਦਾ ਨਿਸ਼ਾਨਾ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰਨਾ ਹੈ ਜਿਸ ਨੇ ਚਾਰ ਵਾਰ ਵਿਸ਼ਵ ਕੱਪ ਜਿੱਤਿਆ ਹੈ। ਪਾਕਿਸਤਾਨ 1971, 1978, 1982 ਤੇ 1994 ਵਿੱਚ ਵਿਸ਼ਵ ਚੈਂਪੀਅਨ ਬਣਿਆ ਸੀ। ਪਾਕਿਸਤਾਨ ਤੋਂ ਬਾਅਦ ਹਾਲੈਂਡ (1973, 1990 ਤੇ 1998) ਤੇ ਆਸਟਰੇਲੀਆ (1986, 2010 ਤੇ 2014) ਨੇ ਤਿੰਨ-ਤਿੰਨ ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਜਰਮਨੀ ਨੇ ਦੋ ਵਾਰ (2002 ਤੇ 2006) ਤੇ ਭਾਰਤ ਨੇ ਇਕ ਵਾਰ 1975 ਵਿੱਚ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਹਾਲੈਂਡ ਇਕਲੌਤੀ ਟੀਮ ਹੈ ਜਿਹੜੀ ਸੱਤਵੀਂ ਵਾਰ ਫਾਈਨਲ ਖੇਡੇਗੀ। ਪਿਛਲੇ ਵਿਸ਼ਵ ਕੱਪ ਵਿੱਚ ਹਾਲੈਂਡ ਦੀ ਟੀਮ ਆਸਟਰੇਲੀਆ ਹੱਥੋਂ ਫਾਈਨਲ ਵਿੱਚ ਹਾਰਨ ਕਰ ਕੇ ਇਕ ਕਦਮ ਪਹਿਲਾ ਰਿਕਾਰਡ ਦੀ ਬਰਾਬਰੀ ਤੋਂ ਵਾਂਢੀ ਰਹਿ ਗਈ ਸੀ ਜਦੋਂ ਕਿ ਇਸ ਵਾਰ ਉਸ ਦਾ ਨਿਸ਼ਾਨਾ ਆਪਣੇ ਚੌਥੇ ਖਿਤਾਬ ਉਪਰ ਹੈ।
ਓਲੰਪਿਕ ਖੇਡਾਂ ਵਿੱਚ ਜਿੱਥੇ ਭਾਰਤ ਨੇ ਦੋ ਵਾਰ ਸੋਨ ਤਮਗਾ ਜਿੱਤਣ ਦੀ ਹੈਟ੍ਰਿਕ ਮਾਰੀ ਹੈ ਉਥੇ ਵਿਸ਼ਵ ਕੱਪ ਵਿੱਚ ਕੋਈ ਵੀ ਟੀਮ ਖਿਤਾਬੀ ਹੈਟ੍ਰਿਕ ਪੂਰੀ ਨਹੀਂ ਕਰ ਸਕੀ। ਪਿਛਲੇ ਲਗਾਤਾਰ ਦੋ ਵਿਸ਼ਵ ਕੱਪ (2010 ਤੇ 2014) ਜਿੱਤਣ ਵਾਲੀ ਆਸਟਰੇਲੀਆ ਟੀਮ ਦਾ ਸੁਫਨਾ ਇਸ ਵਾਰ ਸੈਮੀ ਫਾਈਨਲ ਵਿੱਚ ਟੁੱਟ ਗਿਆ। ਉਸ ਤੋਂ ਪਹਿਲਾਂ ਦੋ ਟੀਮਾਂ ਨੇ ਦੋ-ਦੋ ਵਾਰ ਲਗਾਤਾਰ ਵਿਸ਼ਵ ਕੱਪ ਜਿੱਤਿਆ ਸੀ ਪ੍ਰੰਤੂ ਉਹ ਵੀ ਹੈਟ੍ਰਿਕ ਨਾ ਮਾਰ ਸਕੀਆਂ। ਪਾਕਿਸਤਾਨ ਨੇ 1978 ਤੇ 1982 ਅਤੇ ਜਰਮਨੀ ਨੇ 2002 ਤੇ 2006 ਵਿੱਚ ਵਿਸ਼ਵ ਕੱਪ ਜਿੱਤਿਆ ਸੀ ਪ੍ਰੰਤੂ ਉਹ ਤੀਜਾ ਖਿਤਾਬ ਲਗਾਤਾਰ ਨਾ ਜਿੱਤ ਸਕੀਆਂ। ਜਰਮਨੀ ਨੂੰ 2010 ਵਿੱਚ ਫਾਈਨਲ ਵਿੱਚ ਨਵੀਂ ਦਿੱਲੀ ਵਿਖੇ ਆਸਟਰੇਲੀਆ ਨੇ ਮਾਤ ਦਿੱਤੀ ਸੀ।
ਫਾਈਨਲ ਤੋਂ ਪਹਿਲਾਂ ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਤੀਜੇ ਸਥਾਨ ਲਈ ਮੈਚ ਖੇਡਿਆ ਜਾਵੇਗਾ। 1986 ਵਿੱਚ ਲੰਡਨ ਵਿਖੇ ਉਪ ਜੇਤੂ ਰਹੇ ਇੰਗਲੈਂਡ ਆਪਣੇ ਦੂਜੇ ਤਮਗੇ ਜਿੱਤਣ ਨੂੰ ਹੁਣ ਤੱਕ ਤਰਸ ਰਿਹਾ ਹੈ। ਪਿਛਲੇ ਦੋ ਵਿਸ਼ਵ ਕੱਪ (2010 ਤੇ 2014) ਮੁਕਾਬਲਿਆਂ ਵਿੱਚ ਇੰਗਲੈਂਡ ਸੈਮੀ ਫਾਈਨਲ ਹਾਰਿਆ ਅਤੇ ਦੋਵੇਂ ਵਾਰ ਤੀਜੇ ਸਥਾਨ ਦੇ ਮੈਚ ਵੀ ਹਾਰ ਗਿਆ। ਇਸ ਵਾਰ ਵੀ ਉਸ ਲਈ ਕਾਂਸੀ ਦਾ ਤਮਗਾ ਜਿੱਤਣ ਟੇਢੀ ਖੀਰ ਹੈ ਕਿਉਂਕਿ ਸਾਹਮਣੇ ਮੁਕਾਬਲਾ ਆਸਟਰੇਲੀਆ ਨਾਲ ਹੈ।