ਪਟਿਆਲਾ, 22 ਦਸੰਬਰ 2018 : ਸਰਕਾਰੀ ਹਾਈ ਸਕੂਲ ਅਸਰਪੁਰ ਜ਼ਿਲ੍ਹਾ ਪਟਿਆਲਾ ਦੀ ਮੁੱਖ ਅਧਿਆਪਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਪਟਿਆਲਾ ਵੱਲੋਂ ਪੁਲਿਸ ਦੀ ਪਬਲਿਕ ਨਾਲ ਨੇੜਤਾ ਵਧਾਉਣ, ਨਸ਼ਾ ਮੁਕਤ ਅਤੇ ਜੁਰਮ ਰਹਿਤ ਸਮਾਜ ਦੀ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਹਿਲਾ ਸਬ-ਇੰਸਪੈਕਟਰਾਂ ਸਰਬਜੀਤ ਕੌਰ ਅਤੇ ਜਸਪ੍ਰੀਤ ਕੌਰ ਵੱਲੋਂ ਜ਼ਿਲ੍ਹੇ ਦੇ ਪਿੰਡ ਅਸਰਪੁਰ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਿਹਨਤ ਕਰਨ, ਅੱਗੇ ਵਧਣ, ਚੰਗੇ ਨਾਗਰਿਕ ਬਣਨ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਪਟਿਆਲਾ ਦੀ ਇਸ ਪਹਿਲ ਕਦਮੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਨ੍ਹਾਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਵਿਭਾਗ ਵੱਲੋਂ ਬਣਦਾ ਸਮਾਨ ਅਤੇ ਅਵਾਰਡ ਦੇਣ ਲਈ ਵੱਖਰੇ ਤੌਰ 'ਤੇ ਲਿਖ ਕੇ ਭੇਜਿਆ ਗਿਆ। ਇਸ ਦੌਰਾਨ ਸਕੂਲ ਦੇ ਸਮੂਹ ਸਟਾਫ਼ ਮੈਬਰਾਂ ਵੱਲੋਂ ਵੀ ਦੋਵਾਂ ਮਹਿਲਾ ਸਬ-ਇੰਸਪੈਕਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
ਇਸ ਸਬੰਧੀ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ.ਪਟਿਆਲਾ ਵੱਲੋਂ ਜਾਣਕਾਰੀ ਮਿਲੀ ਕਿ ਇਨ੍ਹਾਂ ਦੋਵੇ ਮਹਿਲਾਂ ਪੁਲਿਸ ਕਰਮਚਾਰੀਆਂ ਨੂੰ ਐਵਾਰਡ ਦੇਣ ਲਈ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੇ ਦਫ਼ਤਰ ਲਿਖ ਕੇ ਭੇਜਿਆ ਜਾਵੇਗਾ ਤਾਂ ਜੋ ਬਾਕੀ ਹੋਰ ਪੁਲਿਸ ਕਰਮਚਾਰੀ ਵੀ ਇਸ ਨਾਲ ਉਤਸ਼ਾਹਿਤ ਹੋਣ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣ।