ਪਟਿਆਲਾ, 24 ਦਸੰਬਰ 2018: ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪਟਿਆਲਾ ਵਿੱਚ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ-2018 ਦੌਰਾਨ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 30 ਦਸੰਬਰ 2018 ਨੂੰ ਸਵੇਰੇ 5.00 ਵਜੇ ਤੋਂ ਚੋਣਾਂ ਦਾ ਅਮਲ ਮੁਕੰਮਲ ਹੋਣ ਤੱਕ ਡਰਾਈ ਡੇਅ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਕਤ ਪਾਬੰਦੀ ਵਾਲੇ ਸਮੇਂ ਦੌਰਾਨ ਚੋਣਾਂ ਵਾਲੇ ਖੇਤਰ ਵਿੱਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜਤ ਹੈ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ 'ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ, ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ-2018 ਜੋ ਕਿ 30 ਦਸੰਬਰ 2018 ਨੂੰ ਹੋਣੀਆਂ ਹਨ। ਇਹਨਾਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਕੱਤਰ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਚੋਣ ਵਾਲੇ ਦਿਨ ਲੋਕ ਸਾਂਤੀ ਹਿੱਤ ਨਸ਼ਾਬੰਦੀ (ਡਰਾਈ ਡੇਅ) ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਆਮ ਦੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਲੋਕਾਂ ਵੱਲੋਂ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਵਿੱਚ ਲੜਾਈ ਝਗੜਾ ਹੋਣ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਲੋਕ ਸ਼ਾਂਤੀ ਹਿੱਤ ਅਤੇ ਇਨ੍ਹਾਂ ਚੋਣਾਂ ਨੂੰ ਆਜਾਦ ਅਤੇ ਨਿਰਪੱਖ ਢੰਗ ਨਾਲ ਸ਼ਾਂਤੀ ਪੂਰਵਕ ਮੁਕੰਮਲ ਕਰਾਉਣ ਲਈ ਨਸ਼ਾਬੰਦੀ ਘੋਸ਼ਿਤ ਕੀਤੀ ਜਾਣੀ ਜ਼ਰੂਰੀ ਹੈ।