ਪਟਿਆਲਾ, 26 ਦਸੰਬਰ 2018: ਪਟਿਆਲਾ ਪੁਲਿਸ ਨੇ ਥਾਣਾ ਸਨੌਰ ਅਧੀਨ ਹੋਏ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਖੋਹ ਦੇ ਮਾਮਲੇ ਨੂੰ 48 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 24 ਦਸੰਬਰ ਨੂੰ ਥਾਣਾ ਸਨੌਰ ਦੇ ਖੇਤਰ ਵਿਚ 7,50,000/-ਰੁਪਏ ਦੀ ਲੁੱਟ ਖੋਹ ਬਾਬਤ ਦਰਜ ਕਰਾਏ ਮਾਮਲੇ ਦੇ ਸ਼ਿਕਾਇਤ ਕਰਤਾ ਵੱਲੋਂ ਪੁਲਿਸ ਨੂੰ ਝੂਠੀ ਇਤਲਾਹ ਦੇਣ ਤੇ ਗੁੰਮਰਾਹ ਕਰਨ ਬਦਲੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸ.ਐਸ.ਪੀ ਨੇ ਇਸ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 24 ਦਸੰਬਰ ਨੂੰ ਸੁਖਵਿੰਦਰ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਡੀ.ਐਮ.ਡਬਲਯੂ ਕਲੋਨੀ ਪਟਿਆਲਾ ਨੇ ਥਾਣਾ ਸਨੌਰ ਵਿਖੇ ਇਤਲਾਹ ਦਿੱਤੀ ਸੀ ਕਿ ਮਿਤੀ 23 ਦਸੰਬਰ ਨੂੰ ਉਹ ਆਪਣੀ ਰਿਟਜ ਕਾਰ ਨੰਬਰੀ ਪੀ.ਬੀ 11 ਬੀ.ਈ 4347 ਵਿੱਚ ਆਪਣੀ ਪਤਨੀ ਬੇਅੰਤ ਕੌਰ ਅਤੇ ਗੁਆਂਢਣ ਲੀਲਾ ਦੇਵੀ ਸਮੇਤ ਗੁਰਦੁਆਰਾ ਇਸਰਾਣਾ ਸਾਹਿਬ ਜ਼ਿਲ੍ਹਾ ਪਾਣੀਪਤ (ਹਰਿਆਣਾ) ਵਿਖੇ ਮੱਥਾ ਟੇਕਣ ਗਏ ਸੀ, ਵਾਪਸ ਆਉਂਦੇ ਹੋਏ ਉਹ ਆਪਣੇ ਦੋ ਰਿਸ਼ਤੇਦਾਰਾਂ ਪਾਸੋਂ 7,50,000/-ਰੁਪਏ ਦੀ ਰਕਮ ਲੈ ਪਟਿਆਲਾ ਨੂੰ ਆ ਰਹੇ ਸੀ ਅਤੇ ਕਰੀਬ ਰਾਤ 9.45 ਵਜੇ ਜਦੋਂ ਦੇਵੀਗੜ੍ਹ ਉਹ ਸੜਕ 'ਤੇ ਨੇੜੇ ਬੱਸ ਸਟੈਂਡ ਨੈਣਾ ਅਕੋਤ ਕੋਲ ਪੁੱਜੇ ਤਾਂ ਉਨ੍ਹਾਂ ਲੀਲਾ ਦੇਵੀ ਨੂੰ ਘਬਰਾਹਟ ਹੋਣ ਕਾਰਨ ਕਾਰ ਰੋਕ ਲਈ, ਜਿਥੇ ਦੇਵੀਗੜ੍ਹ ਪਾਸੇ ਤੋਂ ਅਚਾਨਕ ਇੱਕ ਲਾਲ ਬੱਤੀ ਵਾਲੀ ਗੱਡੀ ਆਈ, ਜਿਸ ਵਿਚ ਸਵਾਰ ਦੋ ਖਾਕੀ ਵਰਦੀ ਧਾਰੀ ਨੌਜਵਾਨਾਂ ਨੇ ਚੈਕਿੰਗ ਦੇ ਬਹਾਨੇ ਉਸ ਦੀ ਪਤਨੀ ਪਾਸੋਂ ਪੈਸਿਆਂ ਵਾਲਾ ਪਰਸ ਝਪਟ ਮਾਰਕੇ ਖੋਹ ਲਿਆ ਤੇ ਉਥੋ ਫ਼ਰਾਰ ਹੋ ਗਏ। ਇਸ ਸਬੰਧੀ ਮੁਕੱਦਮਾ ਨੰਬਰ 95 ਮਿਤੀ 24-12-18 ਅ/ਧ 379B, 34 IPC ਥਾਣਾ ਸਨੌਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਡੀ.ਐਸ.ਪੀ. ਦਿਹਾਤੀ ਸ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਮੁੱਖ ਅਫ਼ਸਰ ਥਾਣਾ ਸਨੌਰ ਵੱਲੋਂ ਬਹੁਤ ਡੂੰਘਾਈ ਅਤੇ ਹਰੇਕ ਪਹਿਲੂ ਬਾਰੇ ਪੂਰੀ ਬਰੀਕੀ ਨਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ 20/25 ਲੱਖ ਰੁਪਏ ਦਾ ਕਰਜ਼ਾਈ ਹੈ, ਜਿਸ ਨੇ ਫਾਈਨਾਂਸਰਾਂ ਅਤੇ ਹੋਰ ਵਿਅਕਤੀਆਂ ਪਾਸੋਂ ਕਰਜ਼ ਲਿਆ ਹੋਇਆ ਸੀ, ਉਨ੍ਹਾਂ ਪਾਸੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਲਈ ਇਸਨੇ ਇਹ ਸਾਜਿਸ਼ ਰਚੀ ਸੀ ਤੇ ਆਪਣੀ ਘਰਵਾਲੀ ਬੇਅੰਤ ਕੋਰ ਅਤੇ ਗੁਆਂਢਣ ਲੀਲਾ ਦੇਵੀ ਨੂੰ ਇਸ ਕਰਕੇ ਨਾਲ ਰੱਖਿਆ ਸੀ ਤਾਂ ਜੋ ਲੋਕ, ਫਾਈਨਾਂਸਰ ਅਤੇ ਰਿਸ਼ਤੇਦਾਰ ਇਸ ਗੱਲ ਦਾ ਇਤਬਾਰ ਕਰ ਸਕਣ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਤੋਂ ਮਾਮਲਾ ਝੂਠਾ ਤੇ ਗੁੰਮਰਾਹਕੁਨ ਪਾਏ ਜਾਣ ਤੇ ਸੁਖਵਿੰਦਰ ਸਿੰਘ ਵੱਲੋ ਦਰਜ਼ ਕਰਵਾਏ ਉਕਤ ਮੁਕੱਦਮਾ ਵਿੱਚ ਲੱਗੀਆਂ ਧਾਰਾਵਾਂ ਘਟਾ ਕੇ ਧਾਰਾ 420/406/182/211/511 ਹਿੰ.ਡੰ. ਜੁਰਮ ਤਹਿਤ ਮਿਤੀ 25/12/2018 ਨੂੰ ਮੁਲਜਮ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ ਅਤੇ ਜੇਕਰ ਇਸ ਸ਼ਾਜਿਸ ਵਿੱਚ ਇਸ ਦੇ ਨਾਲ ਹੋਰ ਵਿਅਕਤੀ ਸ਼ਾਮਿਲ ਪਾਏ ਗਏ ਤਾਂ ਉਨ੍ਹਾਂ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।