ਜੀਵਨ ਸਿੰਘ ਕ੍ਰਾਂਤੀ
ਮਾਨਸਾ, 10 ਜਨਵਰੀ 2019 - ਮਾਨਸਾ ਦੀ ਜਰਖੇਜ਼ ਮਿੱਟੀ ਨੇ ਕਲਾ, ਸ਼ਾਹਿਤ ਤੇ ਰੰਗਮੰਚ ਦੇ ਖੇਤਰ ਵਿੱਚ ਨਾਮਵਰ ਸ਼ਖਸ਼ੀਅਤਾਂ ਪੈਦਾ ਕੀਤੀਆਂ, ਜਿੰਨਾਂ ਦਾ ਨਾਅ ਦੇਸ਼ ਵਿਦੇਸ਼ 'ਚ ਮਕਬੂਲ ਹੋਇਆ ਹੈ ਪਰ ਜ਼ਿਲ੍ਹੇ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਆਡੀਟੋਰੀਅਮ ਦੀ ਅਣਹੋਂਦ ਰੰਗਕਰਮੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਨੀ ਹੋਈ ਹੈ। ਉੁੱਥੇ ਰੰਗਕਰਮੀਆਂ ਦੀ ਮੰਗ ਹੈ ਕਿ ਸ਼੍ਰੋਮਣੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਰੰਗਮੰਚ ਨੂੰ ਦੇਣ ਅਤੇ ਉਹਨਾਂ ਯਾਦ ਨੂੰ ਤਾਜਾ ਰੱਖਣ ਲਈ ਮਾਨਸਾ ਵਿੱਚ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ ਬਣਾਇਆ ਜਾਵੇ।
ਮਾਨਸਾ ਨੂੰ ਜ਼ਿਲ੍ਹਾ ਬਣਿਆ ਬੇਸ਼ੱਕ 26 ਸਾਲ ਹੋ ਚੁੱਕੇ ਹਨ ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਹਾਲੇ ਤੱਕ ਇੱਥੇ ਕੋਈ ਅਜਿਹਾ ਮੰਚ ਨਹੀਂ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਰੰਗਕਰਮੀ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਮਿਲ ਸਕੇ। ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਅਤੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਵਿੱਚ ਓਪਨ ਏਅਰ ਥਿਏਟਰਾਂ ਦਾ ਨਿਰਮਾਣ ਕੀਤਾ ਗਿਆ ਸੀ। ਪਰ ਇਹ ਆਧੁਨਿਕ ਸਹੂਲਤਾਂ ਤੋਂ ਸੱਖਣੇ ਹੋਣ ਕਾਰਣ ਕਲਾਕਾਰਾਂ ਲਈ ਲਾਹੇਵੰਦ ਸਾਬਿਤ ਨਹੀਂ ਹੋ ਸਕੇ। ਜ਼ਿਲ੍ਹੇ ਵਿੱਚ ਅਨੇਕਾਂ ਸਾਹਿਤਕ ਤੇ ਰੰਗਮੰਚ ਸੰਸਥਾਵਾਂ ਆਪਣੀਆਂ ਗਤੀਵਿਧਿਆਂ ਨਾਲ ਸੈਂਕੜੇ ਕਲਾਕਾਰਾਂ ਨੂੰ ਮੌਕੇ ਪ੍ਰਦਾਨ ਕਰਕੇ ਇਹਨਾਂ ਖੇਤਰਾਂ ਦੇ ਉੁੱਚ ਮੁਕਾਮ ਤੇ ਪਹੁੰਚਾ ਰਹੀਆਂ ਹਨ ਪਰ ਆਰਥਿਕਤਾ ਦੀ ਮਾਰ ਕਾਰਣ ਆਪਣੇ ਅਸਲ ਮੁਕਾਮ ਪੂਰੇ ਕਰਨ ਤੋਂ ਖੁੰਝ ਰਹੀਆਂ ਹਨ।
ਮਰਹੂਮ ਰੰਗਕਰਮੀਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਤੋਂ ਰੰਗਮੰਚ ਦੀ ਮੁੱਢਲੀ ਸਿੱਖਿਆ ਹਾਸਲ ਕਰਕੇ ਰੰਗਮੰਚ ਤੇ ਨਾਮ ਚਮਕਾ ਰਹੀ ਉਹਨਾਂ ਦੀ ਧੀ ਪ੍ਰੋਫੈਸਰ ਸੁਪਨਦੀਪ ਕੌਰ ਵੱਲੋਂ ਵੀ ਮੰਗ ਕਤੀ ਗਈ ਕਿ ਪ੍ਰੋਫੈਸਰ ਔਲਖ ਵੱਲੋਂ ਰੰਗ ਮੰਚ ਨੂੰ ਦਿੱਤੇ ਸਹਿਯੋਗ ਲਈ ਉਹਨਾਂ ਦੀ ਢੁੱਕਵੀਂ ਯਾਦਗਾਰ ਆਡੀਟੋਰੀਅਮ ਦੇ ਰੂਪ ਵਿੱਚ ਮਾਨਸਾ ਵਿੱਚ ਬਣਾਈ ਜਾਵੇ।