← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 10 ਜਨਵਰੀ ਬਹੁ ਚਰਚਿਤ ਭੀਮ ਟਾਂਕ ਕਤਲ ਕਾਂਡ ਦੇ ਸਬੰਧ ਵਿੱਚ ਅੱਜ ਮਾਮਲੇ ਦੇ ਮੁੱਖ ਗਵਾਹ ਗੁਰਜੰਟ ਸਿੰਘ ਜੰਟਾ ਉਰਫ ਲਾਹੌਰੀਆ ਅਤੇ ਉਸ ਦੇ ਭਰਾ ਰਣਜੀਤ ਸਿੰਘ ਵੱਲੋਂ ਅਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਵਿਜੈ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋਣ ਤੇ ਅਦਾਲਤ ਵੱਲੋਂ 31 ਜਨਵਰੀ 2019 ਦਾ ਦਿਨ ਅਗਲੀ ਪੇਸ਼ੀ ਲਈ ਮੁਕੱਰਰ ਕਰਦਿਆਂ ਸਮੂਹ ਗਵਾਹਾਂ ਲਈ ਸੰਮਨ ਅਤੇ ਸਮੂਹ ਕਥਿਤ ਮੁਜ਼ਰਮਾਂ ਲਈ ਪ੍ਰੋਟੈਕਸ਼ਨ ਵਾਰੰਟ ਜਾਰੀ ਕੀਤੇ ਹਨ । ਇਸ ਮਾਮਲੇ ਸਬੰਧੀ ਹੁਣ 31 ਜਨਵਰੀ ਨੂੰ ਦੂਸਰੇ ਕਥਿਤ ਦੋਸ਼ੀਆਂ ਦੇ ਨਾਲ ਹੀ ਮੁਕੱਦਮੇ ਵਿੱਚ ਸ਼ਾਮਲ ਕੀਤੇ ਗਏ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਅਤੇ ਉਸ ਦੇ ਭਤੀਜੇ ਅਮਿਤ ਡੋਡਾ ਨੂੰ ਵੀ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ । ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਹੁਣ ਜੁਡੀਸ਼ੀਅਲ ਰਿਮਾਂਡ ਉੱਪਰ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਹਨ । ਵਰਨਣਯੋਗ ਹੈ ਕਿ ਮਾਰੇ ਗਏ ਭੀਮ ਟਾਂਕ ਦੀਆਂ ਲੱਤਾਂ ਬਾਂਹਾਂ ਕੱਟ ਕੇ ਵਹਿਸ਼ੀਆਨਾ ਤਰੀਕੇ ਨਾਲ ਕਤਲ ਹੋਣ ਦੀ ਘਟਨਾ ਦੀ ਗੂੰਜ ਦੇਸ਼ ਦੀ ਪਾਰਲੀਮੈਂਟ ਤੋਂ ਇਲਾਵਾ ਦੁਨੀਆਂ ਭਰ ਦੇ ਮੀਡੀਆ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੀ ਸੀ । ਘਟਨਾ ਵਾਲੇ ਸਮੇਂ ਚਾਹੇ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਤੇ ਉਸ ਦਾ ਭਤੀਜਾ ਦਿੱਲੀ ਵਿੱਚ ਠਹਿਰੇ ਹੋਏ ਦੱਸੇ ਗਏ ਸਨ ਪਰ ਪੁਲਸ ਨੇ ਇਸ ਮੁਕੱਦਮੇ ਵਿੱਚ ਸਾਜ਼ਿਸ਼ ਰਚਨ ਦੇ ਦੋਸ਼ ਅਧੀਨ 120 ਬੀ ਧਾਰਾ ਅਧੀਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਦੇਸ਼ ਦੀ ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਅਪੀਲਾਂ ਕਰਨ ਦੇ ਬਾਵਜੂਦ ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਉੱਪਰ ਰਿਹਾਈ ਦੀ ਰਾਹਤ ਨਹੀਂ ਮਿਲ ਸਕੀ । ਅੱਜ ਚੱਲੀ ਅਦਾਲਤੀ ਕਾਰਵਾਈ ਦੌਰਾਨ ਸ਼ਿਵ ਲਾਲ ਡੋਡਾ ਦੇ ਵਕੀਲਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਅਦਾਲਤੀ ਕੰਪਲੈਕਸ ਵਿੱਚ ਦਿਖਾਈ ਦਿੱਤੇ ।
Total Responses : 936