ਜਗਦੀਸ਼ ਥਿੰਦ
ਫਾਜ਼ਿਲਕਾ 10 ਜਨਵਰੀ 2019 - ਅਬੋਹਰ ਵਿੱਚ ਵਾਪਰੇ ਬਹੁ ਚਰਚਿਤ ਭੀਮ ਟਾਂਕ ਕਾਂਡ ਨਾਲ ਸਬੰਧਿਤ ਮੁੱਖ ਗਵਾਹ ਅਤੇ ਉਸ ਦੇ ਭਰਾ ਨੂੰ ਗਵਾਹੀ ਬਦਲਣ ਲਈ ਧਮਕਾਉਣ ਦੇ ਦੋਸ਼ ਅਧੀਨ ਉੱਘੇ ਸ਼ਰਾਬ ਦੇ ਵਪਾਰੀ ਸ਼ਿਵ ਲਾਲ ਡੋਡਾ , ਕਥਿਤ ਗੈਂਗਸਟਰ ਜੈਪਾਲ ਭੁੱਲਰ , ਅਮਿਤ ਡੋਡਾ ਸਿਮਰਨਜੀਤ , ਰਾਜੀਵ ਚੁੱਘ ਅਤੇ ਸੁਰੇਸ਼ ਸਤੀਜਾ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ ।
ਇਸ ਦੌਰਾਨ ਹੀ ਮੁੱਖ ਗਵਾਹ ਅਤੇ ਕਾਂਡ ਦੌਰਾਨ ਕਥਿਤ ਤੌਰ ਤੇ ਫੱਟੜ ਹੋਏ ਗੁਰਜੰਟ ਸਿੰਘ ਉਰਫ ਜੰਟਾ ਲਾਹੌਰੀਆ ਉਸ ਦੇ ਭਰਾ ਰਣਜੀਤ ਸਿੰਘ ਦੀ ਅਬੋਹਰ ਦੇ ਸੁਭਸ਼ ਨਗਰ ਵਿਖੇ ਸਥਿਤ ਰਿਹਾਇਸ਼ ਉੱਪਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦੋ ਸਰਕਾਰੀ ਗੱਡੀਆਂ ਇਨ੍ਹਾਂ ਗਵਾਹਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਅਲਾਟ ਕਰਵਾਈਆਂ ਗਈਆਂ ਹਨ ।
ਇਨ੍ਹਾਂ ਗੱਡੀਆਂ ਦੇ ਰੱਖ ਰਖਾਵ ਅਤੇ ਡੀਜ਼ਲ ਦਾ ਖਰਚਾ ਪੁਲਿਸ ਪ੍ਰਸ਼ਾਸਨ ਸਹਿਣ ਕਰੇਗਾ । ਪੁਲਿਸ ਥਾਣਾ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਜੈਪਾਲ ਭੁੱਲਰ ਨਾਮ ਦੇ ਅਗਿਆਤ ਵਿਅਕਤੀ ਨੇ ਗਵਾਹਾਂ ਨੂੰ ਫੋਨ ਕਰ ਕੇ ਸ਼ਿਵ ਲਾਲ ਡੋਡਾ , ਅਮਿਤ ਡੋਡਾ ਅਤੇ ਸਿਮਰਨਜੀਤ ਸਿੰਘ ਖਿਲਾਫ ਗਵਾਹੀ ਨਾ ਦੇਣ ਲਈ ਧਮਕਾਇਆ । ਇਸ ਦੌਰਾਨ ਹੀ ਉਨ੍ਹਾਂ ਨੂੰ ਰਾਹ ਜਾਂਦਿਆਂ ਰਾਜੀਵ ਚੁੱਘ ਅਤੇ ਸੁਰੇਸ਼ ਸਤੀਜਾ ਨਾਮ ਦੇ ਵਿਅਕਤੀ ਮਿਲੇ ਅਤੇ ਉਨ੍ਹਾਂ ਨੇ ਕਿਹਾ ਕਿ ਸ਼ਿਵ ਲਾਲ ਡੋਡਾ ,ਅਮਿਤ ਡੋਡਾ ਅਤੇ ਸਿਮਰਨਜੀਤ ਖਿਲਾਫ ਗਵਾਹੀ ਨਹੀਂ ਦਿਓਗੇ ।
ਇਸ ਸਬੰਧੀ ਉਪਰੋਕਤ ਕਥਿਤ ਮੁਜ਼ਰਮਾਂ ਖਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰਨ ਦੇ ਨਾਲ ਹੀ ਦੋ ਸਰਕਾਰੀ ਗੱਡੀਆਂ 9 ਪੱਕੇ ਸੁਰੱਖਿਆ ਕਰਮੀ ਅਤੇ ਪੁਲਸ ਥਾਣਾ 2 ਅਬੋਹਰ ਅਤੇ ਡੀ ਐੱਸ ਪੀ ਅਬੋਹਰ ਨੂੰ ਇਨ੍ਹਾਂ ਗਵਾਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ । ਅੱਜ ਜ਼ਿਲ੍ਹਾ ਅਦਾਲਤ ਵਿਚ ਗਵਾਹਾਂ ਦੀ ਪੇਸ਼ੀ ਮੌਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ ਅਤੇ ਡੀ ਐੱਸ ਪੀ ਰੈਂਕ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਉਨ੍ਹਾਂ ਦੇ ਸੁਰੱਖਿਆ ਦੇਖ ਰਹੇ ਸਨ ।