ਚੰਡੀਗੜ੍ਹ
10 ਜਨਵਰੀ, 2019
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ (ਮਗਸੀਪਾ) ਅਤੇ ਜਲ ਸਪਲਾਈ ਅਤੇ ਸਵੱਛਤਾ ਮੰਤਰਾਲੇ ਨੇ ਸੰਗਠਿਤ ਪ੍ਰਬੰਧਨ ਸੂਚਨਾ ਪ੍ਰਣਾਲੀ (ਆਈਐੱਮਆਈਐੱਸ) ਅਤੇ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐੱਫਐੱਮਐੱਸ) ’ਤੇ ਦੋ ਰੋਜ਼ਾ ਰਾਸ਼ਟਰ ਪੱਧਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ। ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਅਤੇ ਜਲ ਸਪਲਾਈ ਅਤੇ ਸਵੱਛਤਾ ਮੰਤਰਾਲੇ ਦੇ 100 ਦੇ ਕਰੀਬ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸਵੱਛਤਾ ਵਿਭਾਗ ਦੀ ਸਕੱਤਰ ਅਤੇ ਮਗਸੀਪਾ ਦੀ ਡਾਇਰੈਟਰ ਸ੍ਰੀਮਤੀ ਜਸਪ੍ਰੀਤ ਤਲਵਾਰ ਨੇ ਰਾਸ਼ਟਰੀ ਪੀਣ ਵਾਲਾ ਪਾਣੀ ਪ੍ਰੋਗਰਾਮ ਦੀ ਲੋਡ਼ ਨੂੰ ਪੂਰਾ ਕਰਨ ਲਈ ਆਈਐੱਮਆਈਐੱਸ ਅੰਕਡ਼ਿਆਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਜੋ ਜਲ ਕਵਰੇਜ਼, ਜਲ ਗੁਣਵੱਤਾ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਸਬੰਧੀ ਨਿਗਰਾਨੀ ’ਤੇ ਕੇਂਦਰਿਤ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਜਲ ਪੱਧਰ ’ਤੇ ਇੱਕ ਮੰਚ ਹੋਣਾ ਚਾਹੀਦਾ ਹੈ ਤਾਂ ਕਿ ਪੇਂਡੂ ਜਲ ਸਪਲਾਈ ਅਤੇ ਸਵੱਛਤਾ ਦੀ ਕਵਰੇਜ਼ ਵਿੱਚ ਰਾਜਾਂ ਦੀ ਦਰਜਾਬੰਦੀ ਨੂੰ ਮਾਪਣ ਤੋਂ ਇਲਾਵਾ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਨੂੰ ਪਛਾਣਿਆ ਜਾ ਸਕੇ।
ਸ਼੍ਰੀਮਤੀ ਤਲਵਾਰ ਨੇ ਅੱਗੇ ਕਿਹਾ ਕਿ ਸੰਯੁਕਤ ਰਾਸ਼ਟਰ ਨਿਰੰਤਰ ਵਿਕਾਸ ਟੀਚਿਆਂ ਨੇ ਪਾਣੀ ਅਤੇ ਸਵੱਛਤਾ ਨਾਲ ਸਬੰਧਿਤ ਗਤੀਵਿਧੀਆਂ ਅਤੇ ਪ੍ਰੋਗਰਾਮਾਂ ’ਤੇ ਸਮਰੱਥਾ ਨਿਰਮਾਣ ਅਤੇ ਪਾਣੀ ਤੇ ਸਵੱਛਤਾ ਪ੍ਰਬੰਧਨ ਵਿੱਚ ਸੁਧਾਰ ਲਈ ਸਥਾਨਕ ਸਮੁਦਾਏ ਦੇ ਸਮਰਥਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਸਾਡੇ ਕੋਲ ਪਾਣੀ ਨਾਲ ਸਬੰਧਿਤ ਮੁੱਦਿਆਂ ਦੇ ਵਿਭਿੰਨ ਪਹਿਲੂਆਂ ਬਾਰੇ ਮਜ਼ਬੂਤ ਅੰਕਡ਼ਾ ਬੈਂਕ ਹੋਵੇ। ਮਾਹਿਰਾਂ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵਿਭਾਗਾਂ ਵੱਲੋਂ ਸਮੂਹਿਕ ਯਤਨਾਂ ਦੇ ਬਾਅਦ ਡੇਟਾ ਬੇਸ ਦੇ ਵਿਸ਼ਲੇਸ਼ਣ ਤੋਂ ਬਾਅਦ ਅਸੀਂ ਪਾਣੀ ਦੀ ਘਾਟ ਨੂੰ ਘੱਟ ਕਰਨ ਅਤੇ ਪੇਂਡੂ ਖੇਤਰਾਂ ਵਿੱਚ ਬਸਤੀਆਂ ਨੂੰ ਗੁਣਵੱਤਾਪੂਰਨ ਜਲ ਸਪਲਾਈ ਸੁਨਿਸ਼ਚਤ ਕਰਨ ਵਿੱਚ ਸਮਰੱਥ ਹੋਵਾਂਗੇ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਭਿੰਨ ਰਾਜਾਂ ਦੇ ਮਾਹਿਰ ਜਲ ਸਪਲਾਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਵਿਭਿੰਨ ਸਮੱਸਿਆਵਾਂ ਦਾ ਉਚਿਤ ਹੱਲ ਲੱਭਣ ਲਈ ਮੁੱਦਿਆਂ ’ਤੇ ਵਿਚਾਰ ਚਰਚਾ ਕਰਨਗੇ। ਉਨ੍ਹਾਂ ਨੇ ਇਸ ਰਾਸ਼ਟਰੀ ਪ੍ਰੋਗਰਾਮ ਲਈ ਮਗਸੀਪਾ ਨੂੰ ਚੁਣਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਜਲ ਸਪਲਾਈ ਮੰਤਰਾਲੇ ਦੀ ਉਪ ਸਕੱਤਰ ਰੇਨਜੀਠਾ, ਆਈਐੱਫਐੱਸ ਨੇ ਕਿਹਾ ਕਿ ਇਸ ਰਾਸ਼ਟਰ ਪੱਧਰੀ ਪ੍ਰੋਗਰਾਮ ਦਾ ਮੁੱਢਲਾ ਉਦੇਸ਼ ਪੰਜ ਰਾਜਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਸੋਧੇ ਹੋਏ ਆਈਐੱਮਆਈਐੱਸ ਅਤੇ ਪੀਐੱਫਐੱਮਐੱਸ ਸਬੰਧੀ ਜਾਣਕਾਰੀ ਦੇਣਾ ਅਤੇ ਪੇਂਡੂ ਘਰਾਂ ਨੂੰ ਜਲ ਸਪਲਾਈ ਸਬੰਧੀ ਮੌਜੂਦਾ ਨੀਤੀ ਸਬੰਧੀ ਅਪਡੇਟ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਜਲ ਸਪਲਾਈ ਦੀ ਸਥਿਤੀ ਦੀ ਪ੍ਰਗਤੀ ਨੂੰ ਦੇਖਣ ਅਤੇ ਫੰਡਿੰਗ ਪੈਟਰਨ ਨੂੰ ਰੈਗੂਲੇਟ ਕਰਨ ਲਈ ਆਈਐੱਮਆਈਐੱਸ ਸੌਫਟਵੇਅਰ ਦੇ ਮੌਜੂਦਾ ਸੰਸਕਰਣ ਨੂੰ ਲਗਾਤਾਰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।
ਇਸ ਮੌਕੇ ’ਤੇ ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਨਿਰਦੇਸ਼ਕ ਅਸ਼ਵਨੀ ਸ਼ਰਮਾ, ਕੇਂਦਰ ਸਰਕਾਰ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰਾਲੇ ਦੇ ਡਾਇਰੈਕਟਰ ਅਜੇ ਕੁਮਾਰ ਯਾਦਵ, ਐੱਨਆਈਸੀ ਦੇ ਸੀਨੀਅਰ ਤਕਨੀਕੀ ਨਿਰਦੇਸ਼ਕ ਪੀ. ਕੇ. ਸਕਸੈਨਾ, ਕੇਂਦਰ ਦੇ ਜਲ ਸਪਲਾਈ ਵਿਭਾਗ ਦੇ ਸਿਖਲਾਈ ਪ੍ਰਬੰਧਕ ਬੀ.ਆਰ. ਗੁਪਤਾ ਅਤੇ ਮਗਸੀਪਾ ਦੇ ਜਨਰਲ ਮੈਨੇਜਰ (ਸਿਖਲਾਈ) ਕਰਨਲ ਦਲਬੀਰ ਸਿੰਘ ਨੇ ਸਬੰਧੋਨ ਕੀਤਾ।