ਗੁਰਦਾਸਪੁਰ, 10 ਜਨਵਰੀ 2019 - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਪੰਜਾਬ ਦੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ 28 ਨਵੇਂ ਪ੍ਰਧਾਨਾਂ ਦੇ ਨਾਂਅ ਐਲਾਨੇ ਗਏ ਹਨ। ਜਿਸ 'ਚ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਇੱਕ ਸਰਕਾਰੀ ਮੁਲਾਜ਼ਮ ਨੂੰ ਥਾਪਿਆ ਗਿਆ।
ਜਦੋਂ ਬਾਬੂਸ਼ਾਹੀ ਨੇ ਇਸ ਗੱਲ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਸੂਚੀ 'ਚ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਗੁਲਜ਼ਾਰ ਮਸੀਹ, ਜੋ ਕਿ ਐਕਸਾਈਜ਼ ਵਿਭਾਗ 'ਚ ਇੰਸਪੈਕਟਰ ਵਜੋਂ ਤੈਨਾਤ ਹਨ, ਨੂੰ ਗਲਤੀ ਨਾਲ ਥਾਪ ਦਿੱਤਾ ਗਿਆ ਸੀ।
ਸੁਨੀਲ ਜਾਖੜ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੁਆਰਾ ਪੈਨਲ ਭੇਜਿਆ ਗਿਆ ਸੀ, ਉਸ ਵਕਤ ਗੁਲਜ਼ਾਰ ਮਸੀਹ ਨੌਕਰੀ ਨਹੀਂ ਕਰਦੇ ਸਨ ਤੇ ਦੂਸਰਾ ਜੋ ਉਸਦੇ ਮੁਕਾਬਲੇ 'ਚ ਹੋਰ ਅਹੁਦੇਦਾਰ ਸੀ, ਉਹ ਪਹਿਲਾਂ ਹੀ ਪਿੱਛੇ ਹਟ ਗਿਆ ਸੀ। ਉਨ੍ਹਾਂ ਕਿਹਾ ਕਿ ਉਸੇ ਪੈਨਲ ਦੇ ਅਧਾਰ 'ਤੇ ਹੁਣ ਕਾਂਗਰਸ ਹਾਈਕਮਾਨ ਨੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਐਲਾਨੇ ਹਨ। ਜਾਖੜ ਨੇ ਕਿਹਾ ਕਿ ਮਸੀਹ ਦੇ ਨੌਕਰੀ ਕਰਦੇ ਹੋਣ ਬਾਰੇ ਪਤਾ ਹੋਣ ਤੋਂ ਬਾਅਦ ਇਸ ਸੂਚੀ 'ਚ ਸੋਧ ਜਲਦ ਕੀਤਾ ਜਾਵੇਗਾ।