ਪਟਿਆਲਾ, 12 ਜਨਵਰੀ 2019 ਜੀ ਐੱਸ ਪੰਨੂ : ਪਟਿਆਲਾ ਪੁਲਿਸ ਜਿੱਥੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਬਣਾਈ 'ਐਮਪਾਸਪੋਰਟ ਪੁਲਿਸ ਐਪ' ਨੂੰ ਚਲਾਉਣ ਅਤੇ ਇਸ ਰਾਹੀ ਪਾਸਪੋਰਟ ਬਿਨੇਕਾਰਾਂ ਦੀ ਪੜਤਾਲ ਪੇਪਰਲੈਸ ਕਰਨ 'ਚ ਪੰਜਾਬ ਭਰ ਦੇ ਜ਼ਿਲਿਆਂ 'ਚੋਂ ਮੋਹਰੀ ਰਹੀ ਹੈ ਉਥੇ ਹੀ ਇਸ ਨੇ ਸਾਲ 2018 ਦੌਰਾਨ ਕਰੀਬ 70 ਹਜ਼ਾਰ ਪਾਸਪੋਰਟਾਂ ਦੀ ਪੜਤਾਲ ਨਿਰਧਾਰਤ ਸਮੇਂ ਤੋਂ ਵੀ ਪਹਿਲਾਂ ਕਰਕੇ ਇੱਕ ਰਿਕਾਰਡ ਬਣਾਇਆ ਹੈ।
ਪਟਿਆਲਾ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ, ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਪਾਸਪੋਰਟ ਅਧਿਕਾਰੀਆਂ ਨੂੰ 'ਐਮਪਾਸਪੋਰਟ ਪੁਲਿਸ ਐਪ' ਚਲਾਉਣ ਅਤੇ ਇਸ ਰਾਹੀਂ ਪਾਸਪੋਰਟ ਪੜਤਾਲ ਪੇਪਰਲੈਸ ਕਰਨ ਸਬੰਧੀਂ ਸਿਖਲਾਈ ਵੀ ਦੇ ਰਹੀ ਹੈ ਅਤੇ ਹੁਣ ਤੱਕ 20 ਜ਼ਿਲਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਪਾਸਪੋਰਟ ਬਿਨੇਕਾਰ ਦੀ ਪੜਤਾਲ ਦਾ ਨਿਰਧਾਰਤ ਸਮਾਂ 21 ਦਿਨਾਂ ਦਾ ਹੈ ਪਰੰਤੂ ਪਟਿਆਲਾ ਪੁਲਿਸ ਨੇ ਕੇਵਲ 10-10 ਦਿਨਾਂ ਅੰਦਰ ਹੀ ਵਾਪਸ ਪਾਸਪੋਰਟ ਦਫ਼ਤਰ ਨੂੰ ਪੜਤਾਲ ਕਰਕੇ ਭੇਜ ਦਿੱਤੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਪੰਜਾਬ ਦੇ ਬਾਕੀ ਜ਼ਿਲਿਆਂ ਦੇ ਪਾਸਪੋਰਟ ਸ਼ਾਖਾ ਦੇ ਕੰਪਿਊਟਰ ਓਪਰੇਟਰਜ ਅਤੇ ਪੀ.ਵੀ.ਓਜ ਨੂੰ ਐਮਪਾਸਪੋਰਟ ਪੁਲਿਸ ਐਪ ਨੂੰ ਚਲਾਉਣ ਲਈ ਇਥੇ ਪੁਲਿਸ ਲਾਇਨ ਦੀ ਕਾਨਫਰੈਂਸ ਹਾਲ ਵਿਖੇ ਇੱਕ ਦਿਨ ਦੀ ਸਿਖਲਾਈ ਦਿੱਤੀ ਗਈ। ਸ. ਸਿੱਧੂ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ ਵੱਲੋਂ ਜਿਲਾ ਪਟਿਆਲਾ ਦੇ ਬਿਹਤਰ ਕੰਮ ਨੂੰ ਦੇਖਦੇ ਹੋਏ ਪਟਿਆਲਾ ਨੂੰ ਮਾਡਲ ਜਿਲਾ ਚੁਣਿਆ ਗਿਆ ਸੀ ਅਤੇ ਆਰ.ਪੀ.ਓ ਵੱਲੋਂ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿੱਖਕੇ ਜਿਲਾ ਪਟਿਆਲਾ ਦੇ ਕੰਮ ਦੀ ਭਰਭੂਰ ਸਲਾਘਾ ਕੀਤੀ ਸੀ। ਉਨਾਂ ਦੱਸਿਆ ਕਿ ਆਰ.ਪੀ.ਓ. ਵੱਲੋਂ ਸੌਂਪੀ ਜਿੰਮੇਵਾਰੀ ਤਹਿਤ ਐਮਪਾਸਪੋਰਟ ਪੁਲਿਸ ਐਪ ਦਾ ਟਰਾਇਲ ਚਲਾਉਣ ਵਾਸਤੇ ਪਟਿਆਲਾ ਪੁਲਿਸ ਨੇ ਇੱਕ ਚੁਣੌਤੀ ਵੱਜੋ ਸਵੀਕਾਰ ਕੀਤੀ ਸੀ। ਇਸ ਲਈ ਪਾਸਪੋਰਟ ਦਫਤਰ ਨੇ ਇੱਕ ਮਹੀਨੇ ਦਾ ਸਮਾ ਦਿੱਤਾ ਸੀ ਪਰ ਪਟਿਆਲਾ ਪੁਲਿਸ ਨੇ ਇਸ ਨੂੰ ਸਿਰਫ ਇੱਕ ਹਫ਼ਤੇ ਵਿੱਚ ਹੀ ਚਲਾਕੇ ਇਹ ਮੁਕਾਮ ਹਾਸਲ ਕੀਤਾ ਸੀ। ਇਸ ਸਬੰਧੀਂ ਇੰਚਾਰਜ ਪਾਸਪੋਰਟ ਸ਼ਾਖਾ ਏ.ਐਸ.ਆਈ. ਸੁਖਜਿੰਦਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਵੀ ਸਨਮਾਨਿਤ ਕੀਤਾ ਸੀ।