ਲੁਧਿਆਣਾ, 15 ਜਨਵਰੀ 2019 - ਬੁੱਢਾ ਦਰਿਆ ਦੀ ਸਫਾਈ ਮੁਹਿੰਮ ਸ਼ੁਰੂ ਕਰਨ ਵਾਲੇ ਉੱਘੀ ਪੰਜਾਬੀ ਸ਼ਖਸੀਅਤ ਜਸਵੰਤ ਜ਼ਫਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਖੂਬ ਯਤਨ ਕੀਤੇ ਜਾ ਰਹੇ ਨੇ। ਪਿਛਲੇ ਸਾਲ ਦਸੰਬਰ ਮਹੀਨੇ ਨਾਮਧਾਰੀ ਮੁਖੀ ਉਦੈ ਸਿੰਘ ਨੇ ਬੁੱਢੇ ਦਰਿਆ ਸਫਾਈ ਮੁਹਿੰਮ ਸ਼ੁਰੂ ਕਰਾਈ ਹੈ। ਜਿਸ ਦਾ ਮਕਸਦ ਸਾਫ ਪੌਣ ਤੇ ਪਾਣੀ ਹੈ ਤਾਂ ਜੋ ਸਮਾਜ 'ਚ ਫੈਲ ਰਹੀਆਂ ਬਿਮਾਰੀਆਂ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਜਸਵੰਤ ਜ਼ਫਰ ਵੱਲੋਂ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ੳਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਰਜਿੰਦਰ ਸਿੰਘ ਸੇਖੋਂ ਜੋ ਕਿ ਪਿੰਡ ਧਰਾਂਗ ਵਾਲਾ ਤਹਿਸੀਲ ਅਬੋਹਰ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਨੇ ਤੇ ਸੇਖੋਂ ਨੇ ਸਤਲੁਜ ਤੋਂ ਉਹਨਾਂ ਦੇ ਇਲਾਕੇ ਵੱਲ ਆ ਰਹੀਆਂ ਨਹਿਰਾਂ ਵਿਚਲੇ ਮਾੜੇ ਪਾਣੀਆਂ ਦਾ ਪਿੰਡ 'ਤੇ ਪੈਣ ਵਾਲੇ ਅਸਰ ਦਾ ਸਰਵੇਅ ਕੀਤਾ ਹੈ।
ਉਨ੍ਹਾਂ ਆਖਿਆ ਕਿ ਜਦੋਂ ਬਾਰੀਕੀ ਨਾਲ ਰਜਿੰਦਰ ਸੇਖੋਂ ਨੇ ਰਿਸਰਚ ਕੀਤੀ ਤਾਂ ਦੇਖਿਆ ਕਿ 3200 ਵੋਟਰਾਂ ਦੇ ਪਿੰਡ ਵਿਚ 33 ਬੱਚੇ ਮੰਦਬੁੱਧੀ ਹਨ। ਜੋ ਕਿ ਉਥੋਂ ਦੇ ਪਾਣੀ ਦੀ ਵਜ੍ਹਾ ਕਾਰਨ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਬੱਚਿਆਂ, ਖਾਸ ਕਰ ਮੰਦਬੁੱਧੀ ਬੇਟੀਆਂ ਦੇ ਮਾਪੇ ਬਹੁਤ ਮਾਯੂਸ ਹਨ।
ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ?
ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਜ਼ੁਰਮਾਨਾ ਵੀ ਠੋਕਿਆ ਹੈ। ਪਰ ਹਾਲੇ ਵੀ ਫੈਕਟਰੀਆਂ, ਮਿੱਲ੍ਹਾਂ ਆਦਿ ਦੇ ਗੰਧਲੇ ਪਾਣੀਆਂ 'ਤੇ ਪੰਜਾਬ ਸਰਕਾਰ ਚੁੱਪ ਧਾਰੀ ਬੈਠੀ ਨਜ਼ਰ ਆ ਰਹੀ ਹੈ। ਹੋਰ ਤੇ ਹੋਰ ਲੁਧਿਆਣਾ ਦੇ 30 ਕਿਲੋਮੀਟਰ ਏਰੀਏ ਦੇ ਪਿੰਡਾਂ 'ਚ (ਦਿੱਲੀ ਵਾਲੇ ਪਾਸੇ ਨੂੰ) ਜੋ ਫੈਕਟਰੀਆਂ ਪਿੰਡਾਂ 'ਚ ਲੱਗ ਰਹੀਆਂ ਨੇ, ਉਹ ਪ੍ਰਸ਼ਾਸਨ ਤੋਂ ਬੇਖੌਫ ਆਪਣੀਆਂ ਫੈਕਟਰੀਆਂ ਦਾ ਪਾਣੀ ਧਰਤੀ 'ਚ ਡ੍ਰੇਨ ਕਰ ਰਹੀਆਂ ਹਨ ਅਤੇ ਜਿਸ ਨਾਲ ਦਿਨੋ ਦਿਨ ਪਿੰਡਾਂ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।
ਸੇਖੋਂ ਨੇ ਇਹਨਾਂ ਮੰਦਬੁੱਧੀ ਬੱਚਿਆਂ ਦੇ ਪੂਰੇ ਵੇਰਵੇ ਅਤੇ ਤਸਵੀਰਾਂ ਵੀ ਭੇਜੀਆਂ ਹਨ। ਜੋ ਹੇਠ ਦੇਖੇ ਜਾ ਸਕਦੇ ਹਨ।