ਚੰਡੀਗੜ੍ਹ, 15 ਜਨਵਰੀ 2019 - ਮੰਗਲਵਾਰ ਨੂੰ ਚੰਡੀਗੜ੍ਹ 'ਚ ਰਾਸ਼ਟਰੀ ਜਨਤਾ ਦਲ ਦੇ ਆਗੂ ਕ੍ਰਿਸ਼ਨ ਚੰਦਰ ਨੇ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ 'ਚ ਪੰਜਾਬੀ ਏਕਤਾ ਪਾਰਟੀ ਜੁਆਇਨ ਕਰ ਲਈ। ਕ੍ਰਿਸ਼ਨ ਚੰਦਰ ਤੋਂ ਇਲਾਵਾ ਇਨਕਮ ਟੈਕਸ ਵਪਾਰ ਅਤੇ ਸਾਬਕਾ ਅਧਿਕਾਰੀ ਡਾਕਟਰ ਜਗਤਾਰ ਸਿੰਘ ਵੀ ਪੰਜਾਬੀ ਏਕਤਾ ਪਾਰਟੀ 'ਚ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਪੰਜਾਬੀ ਏਕਤਾ ਪਾਰਟੀ ਪ੍ਰਧਾਨ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਪੰਜਾਬ 'ਚੋਂ ਨਸ਼ਿਆਂ ਦਾ ਖ਼ਾਤਮਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਨਸ਼ਿਆਂ ਬਾਰੇ ਖ਼ੁਲਾਸੇ ਕੀਤੇ ਹਨ।
ਖਹਿਰਾ ਨੇ ਕਿਹਾ ਕਿ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਸੱਤਾਧਾਰੀਆਂ ਨੇ ਸਰਪ੍ਰਸਤੀ ਦਿੱਤੀ ਹੈ, ਜਿਸ ਕਾਰਨ ਪੰਜਾਬ ਦਾ ਬੇੜਾ ਗ਼ਰਕ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹੇ ਲਿਖੇ ਅਤੇ ਸੰਜੀਦਾ ਲੋਕ ਪੰਜਾਬ ਦੀ ਸਿਆਸਤ 'ਚ ਆਉਣ ਅਤੇ ਮਸਖ਼ਰੇ ਤੇ ਮਖੌਲੀਆ ਲੋਕਾਂ ਦੀ ਸਿਆਸਤ 'ਚ ਕੋਈ ਥਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਨੂੰ ਹਰ ਪੱਖ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।
ਖਹਿਰਾ ਨੇ ਭਗਵੰਤ ਮਾਨ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗੇ ਲੋਕਾਂ ਦੀ ਲੋੜ ਹੈ ਜੋ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ 'ਚ ਜਾ ਕੇ ਚੁੱਕ ਸਕਣ ਨਾ ਕਿ ਮਸਖਰਿਆਂ ਦੀ ਲੋੜ ਹੈ।