ਨਵਾਂ ਸ਼ਹਿਰ 15 ਜਨਵਰੀ 2019: ਜਿਲ੍ਹਾ ਸਿੱਖਿਆ ਅਫਸਰ ਕੋਮਲ ਚੋਪੜਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੁਰੁ ਨਾਨਕਪੁਰਾ, ਵਜੀਦਪੁਰ, ਸਹਸ ਅਤੇ ਪ੍ਰਾਇਮਰੀ ਸਕੂਲ ਗੜ ਪਧਾਣਾ ਦਾ ਅਚਨਚੇਤ ਨਿਰੀਖਣ ਕੀਤਾ। ਉਹਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜਰੀ, ਜਮਾਤਾਂ ਵਿੱਚ ਪੜਾਈ, ਸਫਾਈ , ਮਿਡ ਡੇ ਮੀਲ ਅਤੇ ਪੜੋ ਪੰਜਾਬ- ਪੜਾਓ ਪੰਜਾਬ ਤਹਿਤ ਗੁਣਾਤਮਕ ਸੁਧਾਰ ਲਿਆਉਣ ਹਿੱਤ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ। ਉਹਨਾਂ ਅਧਿਆਪਕਾਂ ਨੂੰ ਪ੍ਰੇਰਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਹਿੱਤ ਆਰੰਭ ਕੀਤੀ ਗਈ ਦਾਖਿਲਾ ਮੁਹਿੰਮ ਨੂੰ ਸਫਲ ਬਨਾਉਣ ਲਈ ਸਰਕਾਰੀ ਸਕੂਲਾਂ ਵਿੱਚ ਮੁਹਇਆ ਕਰਵਾਈਆਂ ਗਈਆਂ ਢਾਂਚਾਗੱਤ ਸੁਵਿਧਾਵਾਂ ਅਤੇ ਪੜਾਈ ਦੇ ਪੱਧਰ ਵਿੱਚ ਕੀਤੇ ਗਏ ਸੁਧਾਰ ਸਬੰਧੀ ਹਾਸਿਲ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਲੋਕਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਕੇ ਮਾਪਿਆ ਨੂੰ ਆਪਣੇ ਬੱਚਿਆਂ ਨੂੰ ਪ੍ਰਾਇਵੇਟ ਸਕਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣ ਦੇ ਲਈ ਤਿਆਰ ਕੀਤਾ ਜਾਵੇ।ਉਹਨਾਂ ਸਹਸ ਗੜ ਪਧਾਣਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਕਾਰਗੁਜਾਰੀ ਨੂੰ ਬਿਹਤਰ ਬਨਾਉਣ ਲਈ ਵਿਸ਼ੇਸ਼ ਧਿਆਨ ਕੇਂਦਰਤ ਕਰਨ ਲਈ ਪ੍ਰੇਰਿਆ। ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਬੋਰਡ ਪ੍ਰੀਖਿਆਵਾਂ ਵਿੱਚ ੧੦੦ ਫੀਸਦੀ ਨਤੀਜੇ ਯਕੀਨੀ ਬਨਾਉਣ ਲਈ ਸਕੂਲ ਮੁੱਖੀ ਸਬੰਧਤ ਵਿਸ਼ਾ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਬਨਾ ਕੇ ਸਕੂਲ ਪੱਧਰ ਤੇ ਵਿਉਤਬੰਦੀ ਕਰਨ ਤਾਂ ਜੋ ਕਮਜੋਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇਕੇ ਉਹਨਾਂ ਨੂੰ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜਾਰੀ ਲਈ ਤਿਆਰੀ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਮੈਰਿਟ ਵਿੱਚ ਆਉਣ ਦੇ ਯੋਗ ਵਿਦਿਆਰਥੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਬੋਰਡ ਪ੍ਰੀਖਿਆਵਾਂ ਵਿੱਚ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੈਰਿਟ ਲਿਸਟ ਵਿੱਚ ਆਉਣ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਦੇ ਮੈਰਿਟ ਵਿੱਚ ਆਉਣ ਦੇ ਯੋਗ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਵੱਖ ਵੱਖ ਵਿਸ਼ਿਆ ਦੀ ਤਿਆਰੀ ਸਬੰਧੀ ਕੁੱਝ ਨੁਕੱਤੇ ਵੀ ਸਾਂਝੇ ਕੀਤੇ।
ਇਸ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਕੋਮਲ ਚੋਪੜਾ ਵੱਲੋਂ ਜਿਲ੍ਹਾ ਸਿੱਖਿਆ ਸੁਧਾਰ ਟੀਮ, ਪੜੋ-ਪੰਜਾਬ-ਪੜਾਓ ਪੰਜਾਬ ਦੇ ਪ੍ਰਾਇਮਰੀ ਵਿੰਗ ਅਤੇ ਅਪਰ ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰਾਂ ਨਾਲ ਜਿਲ੍ਹਾ ਸਿੱਖਿਆ ਦਫਤਰ ਵਿਖੇ ਇਕ ਵਿਸ਼ੇਸ਼ ਬੈਠਕ ਕਰਕੇ ਸਿੱਖਿਆ ਦੇ ਬੁਨਿਆਦੀ ਸੁਧਾਰ ਹਿੱਤ ਚਲਾਈਆਂ ਜਾ ਰਹੀਆਂ ਗਤੀਵਿਧੀਆਂ, ਦਾਖਲਾ ਮੁਹਿੰਮ, ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ, ਅਧਿਆਪਕਾਂ ਦੀਆਂ ਸ਼ਿਕਾਈਤਾਂ ਦੇ ਨਿਪਟਾਰੇ, ਗਣਤੰਤਰ ਦਿਵਸ ਵਿੱਚ ਸਿੱਖਿਆ ਵਿਭਾਗ ਦੀ ਝਾਂਕੀ ਆਦਿ ਦੀ ਪ੍ਰਗਤੀ ਰਿਪੋਰਟ ਦਾ ਜਾਇਜਾ ਲਿਆ। ਇਸ ਮੌਕੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰਪਾਲਅਗਨੀਹੋਤਰੀ,ਪ੍ਰਮੋਦ ਭਾਰਤੀ, ਵਿਨੈ ਕੁਮਾਰ, ਪੜੋ ਪੰਜਾਬ – ਪੜਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ, ਸਹਾਇਕ ਜਿਲ੍ਹਾ ਕੋਆਰਡੀਨੇਟਰ ਨੀਲ ਕਮਲ ਦੀਵਾਨ, ਅੰਗ੍ਰੇਜੀ/ਸਸ ਵਿਸ਼ੇ ਦੇ ਡੀ.ਐਮ. ਵਰਿੰਦਰ ਬੰਗਾ, ਸਾਇੰਸ ਵਿਸ਼ੇ ਦੇ ਡੀ.ਐਮ. ਹਰੀ ਕ੍ਰਿਸ਼ਨ ਹਾਜਰ ਸਨ।