ਪਟਿਆਲਾ, 15 ਜਨਵਰੀ 2019 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਪਟਿਆਲਾ ਸ਼ਹਿਰ ਨੂੰ ਦੇਸ਼ ਦੇ ਸੁੰਦਰ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਕਰਨ ਲਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਨ ਦਾ ਕੰਮ ਚੱਲ ਰਿਹਾ ਹੈ। ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਮਾਹਰ ਪੇਂਟਰਾਂ ਵੱਲੋਂ ਇਤਿਹਾਸਕ ਸਥਾਨਾਂ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਮਨਮੋਹਕ ਕੰਧ ਚਿੱਤਰ ਬਣਾ ਕੇ ਸ਼ਹਿਰ ਨੂੰ ਇੱਕ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਹੋ ਰਹੇ ਸੁੰਦਰੀਕਰਨ ਬਾਰੇ ਦੱਸਦਿਆ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ 'ਤੇ ਦਿਲਚਸਪੀ ਲੈ ਰਹੇ ਹਨ ਅਤੇ ਕੰਮ ਦੀ ਪ੍ਰਗਤੀ ਰਿਪੋਰਟ ਰੋਜ਼ਾਨਾ ਪ੍ਰਾਪਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਪਿਛਲੇ ਡੇਢ ਸਾਲ ਦੌਰਾਨ ਕਾਫ਼ੀ ਵਿਕਾਸ ਹੋਇਆ ਹੈ ਜਿਸ ਵਿੱਚ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ, ਐਲ.ਈ.ਡੀ. ਸਟਰੀਟ ਲਾਈਟਾਂ, ਆਧੁਨਿਕ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ, ਨਵੀਆਂ ਪਾਰਕਿੰਗਾਂ ਦਾ ਨਿਰਮਾਣ, ਬਾਰਾਂਦਰੀ ਬਾਗ ਦੀ ਕਾਇਆ ਕਲਪ, ਜਮੀਨਦੋਜ਼ ਕੂੜਾ ਦਾਨ ਅਤੇ ਹੁਣ ਦਿਲ ਟੁਭਵੇ ਕੰਧ ਚਿੱਤਰਾਂ ਨਾਲ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਪਿਛਲੇ ਡੇਢ ਸਾਲ ਤੋਂ ਚੱਲ ਰਹੇ ਹਨ ਅਤੇ ਹੁਣ ਸ਼ਹਿਰ ਦੀ ਨੁਹਾਰ ਪੂਰੀ ਬਦਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਦੇਸ਼ ਦੇ ਸੁੰਦਰ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਲਈ ਵਿਕਾਸ ਦੇ ਕਾਰਜ ਇਸੇ ਤਰਾਂ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ਼ਹਿਰ ਦੀਆਂ ਪੁਰਾਤਨ ਇਮਾਰਤਾਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਸ਼ਹਿਰ ਦੇ ਕਲਾਕਾਰਾਂ ਵੱਲੋਂ ਬੜੇ ਹੀ ਮਨਮੋਹਕ ਢੰਗ ਨਾਲ ਕੰਧਾਂ ਉਪਰ ਚਿਤਰਿਆ ਜਾ ਰਿਹਾ ਹੈ ਜੋ ਕਿ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਦੱਸਿਆ ਕਿ ਇਹ ਕੰਧ ਚਿੱਤਰ ਸ਼ਹਿਰ ਦੇ ਮੁਖ ਚੌਕਾਂ ਅਤੇ ਸੜਕਾਂ 'ਤੇ ਬਣਾਏ ਜਾ ਰਹੇ ਹਨ ਅਤੇ ਨਾਲ ਹੀ ਪਾਰਕ ਵੀ ਵਿਕਸਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੁੰਦਰਤਾ ਲਈ ਪੁਰਾਣੇ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਈਕਲਾਂ ਦੇ ਪੁਰਾਣੇ ਚੱਕੇ, ਫਰੇਮ ਅਤੇ ਪੁਰਾਣੇ ਟਾਇਰ ਆਦਿ ਵਰਤੇ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਵਾਸੀਆਂ ਨੂੰ ਸ਼ਹਿਰ ਦੀ ਦਿੱਖ ਨੂੰ ਸੁੰਦਰ ਅਤੇ ਮਨਮੋਹਕ ਬਣਾਉਣ ਲਈ ਸਹਿਯੋਗ ਦੀ ਅਪੀਲ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਨਵਾਂ ਰੂਪ ਦੇਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਵਿੱਚ ਸ਼ਹਿਰ ਵਾਸੀਆਂ ਦਾ ਮੁੱਖ ਯੋਗਦਾਨ ਹੋਵੇਗਾ ਉਨ੍ਹਾਂ ਆਸ ਪ੍ਰਗਟਾਈ ਕਿ ਪਟਿਆਲਾ ਵਾਸੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।