ਇਸਲਾਮਾਬਾਦ, 16 ਜਨਵਰੀ 2019 - ਪਾਕਿਸਤਾਨ ਦੇ ਰਾਵਲਪਿੰਡੀ 'ਚ ਵਿਆਹ ਸਮਾਗਮ ਦੀਆਂ ਤਿਆਰੀਆਂ ਦੌਰਾਨ ਘਰ 'ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸਦੀਆਂ ੪ ਸਹੇਲੀਆਂ ਦੀ ਮੌਤ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਗੈਸ ਕੰਪ੍ਰੈਸ਼ਰ 'ਚ ਧਮਾਕਾ ਹੋਣ ਕਾਰਨ ਅੱਗ ਲੱਗੀ ਹੈ। ਉੱਥੇ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸੇ ਵਲੋਂ ਜਾਣ-ਬੁੱਝ ਕੇ ਤਾਂ ਨਹੀਂ ਲਗਾਈ ਗਈ। ਹਾਦਸੇ ਤੋਂ ਬਾਅਦ ਦੁਲਹਨ ਅਤੇ ਉਸ ਦੀਆਂ ਸਹੇਲੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।
ਉੱਥੇ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਹੈ ਕਿ ਅੱਗ ਬੁਝਾਊ ਦਸਤੇ ਮੌਕੇ 'ਤੇ ਜਲਦੀ ਨਹੀਂ ਪਹੁੰਚੇ ਅਤੇ ਬਚਾਅ ਦਲ ਦੀ ਲਾਪਰਵਾਹੀ ਕਾਰਨ ਜਾਨੀ ਨੁਕਸਾਨ ਹੋਇਆ ਹੈ।