ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਜੇਤੂ ਖਿਡਾਰੀਆਂ ਦੇ ਨਾਲ
ਜਗਦੀਸ਼ ਥਿੰਦ
ਫਾਜ਼ਿਲਕਾ 16 ਜਨਵਰੀ
ਪਾਂਡੇਚਰੀ ਵਿਖੇ ਹੋਏ 25ਵੇ ਅੰਤਰਰਾਸ਼ਟਰੀ ਯੋਗਾ ਮੁਕਾਬਲੇ ਦੌਰਾਨ ਜ਼ਿਲ੍ਹੇ ਦੀ ਯੋਗਾ ਟੀਮ ਦੇ ਖਿਡਾਰੀਆਂ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤੀ ਟੀਮ ਵੱਲੋਂ ਅਗਵਾਈ ਕਰਨ ਵਾਲੀ ਜ਼ਿਲ੍ਹੇ ਦੇ ਬ੍ਰਹਮਰਿਸ਼ੀ ਸੀਨੀਅਰ ਸੈਕੰਡਰੀ ਸਕੂਲ(ਅਬੋਹਰ) ਦੀ ਯੋਗਾ ਟੀਮ ਦੇ ਖਿਡਾਰੀਆਂ ਨੇ ਵਿਯਤਨਾਮ ਦੀ ਟੀਮ ਨੂੰ ਹਰਾ ਕੇ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਯੋਗਾ ਟੀਮ ਦੇ ਖਿਡਾਰੀਆਂ ਦਾ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿੱਤ ਪ੍ਰਾਪਤ ਕਰਕੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਵਧਾਈ ਦਿੰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੇਤੂ ਟੀਮ ਦੇ ਖਿਡਾਰੀਆਂ ਦੀ ਵਿਸ਼ੇਸ਼ ਤੌਰ 'ਤੇ ਹੌਂਸਲਾ ਅਫਜ਼ਾਈ ਵੀ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਅਤੇ ਜ਼ਿਲ੍ਹੇ ਦਾ ਨਾਮ ਚਮਕਾਉਣ 'ਤੇ ਵਧਾਈ ਵੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਿਡਾਰੀਆਂ ਨੂੰ ਖੇਡਾਂ ਦੀ ਮਹਤੱਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਆਪਣੇ ਮਾ-ਪਿਓ ਤੇ ਦੇਸ਼ ਦਾ ਨਾਮ ਚਮਕਾਉਣ ਦੀ ਅਪੀਲ ਕੀਤੀ।
ਇੰਟਰਨੈਸ਼ਨਲ ਪੱਧਰੀ ਮੁਕਾਬਲੇ ਵਿੱਚ ਇਸ ਟੀਮ ਦੀ ਅਗਵਾਈ ਕਰਨ ਵਾਲੇ ਟੀਮ ਦੇ ਕੋਚ ਸ੍ਰੀ ਜੈ ਦੇਵ ਯੋਗੀ ਨੇ ਦੱਸਿਆ ਕਿ 4 ਰੋਜ਼ਾ ਇੰਟਰਨੈਸ਼ਨਲ ਪੱਧਰੀ ਖੇਡਾਂ ਤਾਮਿਲਨਾਡੂ ਦੇ ਪਾਂਡੇਚਰੀ ਵਿਖੇ ਹੋਈਆਂ ਸਨ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਬ੍ਰਹਮਰਿਸ਼ੀ ਸੀਨੀਅਰ ਸੈਕੰਡਰੀ ਸਕੂਲ(ਅਬੋਹਰ) ਦੀ ਯੋਗਾ ਟੀਮ ਦੇ ਪੰਜ ਖਿਡਾਰੀਆਂ(4 ਲੜਕੀਆਂ ਤੇ 1 ਲੜਕਾ) ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਇਸ ਟੀਮ ਨੇ ਫਾਈਨਲ ਮੁਕਾਬਲੇ 'ਚ ਵਿਯਤਨਾਮ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿਤ ਪ੍ਰਾਪਤ ਕੀਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਕੋਚ ਜੈ ਦੇਵ ਯੋਗੀ ਨੇ ਦੱਸਿਆ ਕਿ ਜੇਤੂ ਟੀਮ 'ਚ ਸ਼ਾਮਲ ਯੋਗਾ ਖਿਡਾਰੀਆਂ ਜਸਕਰਨ, ਪੂਨਮ ਰਾਣੀ, ਮੁਸਕਾਨ, ਕ੍ਰਿਸ਼ਤੀ, ਰਾਜਸ਼੍ਰੀ ਨੇ ਵੱਖ-ਵੱਖ ਵਰਗਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿਤ ਪ੍ਰਾਪਤ ਕੀਤੀ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਈਡਾਪਲੀ ਕੇ ਪਲਾਨੀਸੁਵਾਮੀ ਵੱਲੋਂ ਮੁਕਾਬਲਾ ਜਿੱਤਣ 'ਤੇ ਟਰਾਫੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਯੋਗਾ ਟੀਮ ਵੱਲੋਂ ਪਹਿਲਾਂ ਵੀ ਕਈ ਅਹਿਮ ਮੁਕਾਬਲਿਆਂ ਵਿੱਚ ਜਿਤ ਪ੍ਰਾਪਤ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਚਮਕਾਇਆ ਜਾ ਚੁੱਕਾ ਹੈ।
ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਓਰਵਿੰਦਰ ਕੌਰ ਖੁਰਾਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।