ਜਨਤਾ ਨਗਰ ਵਿਖੇ ਜਾਗਰੂਕਤ ਕੈਂਪ ਦੌਰਾਨ ਗੁਰਿੰਦਰ ਕੌਰ ਮਾਂਗਟ ਨੇ ਔਰਤਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ ਕੇ ਸ਼ਾਮਲ ਹੋਣ ਲਈ ਪ੍ਰੇਰਿਆ
ਗੁਰਿੰਦਰ ਮਾਂਗਟ ਦੀ ਮੁਹਿਮ ਨੂੰ ਲੋਕਾਂ ਦਾ ਭਰਵਾਂ ਸਮਰਥਨ
ਵਿਸ਼ੇਸ਼ ਪਤਿਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ, 17 ਜਨਵਰੀ : ਭਾਜਪਾ ਦੀ ਸੀਨੀਅਰ ਲੀਡਰ ਤੇ ਬਠਿੰਡਾ ਦੀ ਡਿਪਟੀ ਮੇਅਰ ਗੁਰਿੰਦਰ ਮਾਂਗਟ ਵਲੋਂ ਸਵੱਛ ਭਾਰਤ ਮੁਹਿੰਮ ਸਬੰਧੀ ਜਾਗਰੂਕਤਾ ਕੈੰਪ ਲਾਉਣ ਦੀ ਮੁਹਿਮ ਚਲਾਈ ਜਾ ਰਹੀ ਹੈ ਉਨ੍ਹਾਂ ਵਲੋਂ ਬਠਿੰਡਾ ਦੇ ਵੱਖ ਵੱਖ ਕੋਨੇ ਵਿੱਚ ਤੇ ਆਪਣੇ ਵਾਰਡ ਦੇ ਕਈ ਹਿਸਿਆਂ ਵਿੱਚ ਏਸ ਸੰਬਧ ਵਿੱਚ ਇਕਠ ਕੀਤੇ ਜਾ ਰਹੇ ਹਨ ਇਸ ਤਰੀਕੇ ਨਾਲ ਉਹ ਆਪਣੇ ਹਲਕੇ ਦੇ ਲੋਕਾਂ ਦੇ ਰੂਬਰੂ ਵੀ ਹੁੰਦੇ ਰਹਿੰਦੇ I
ਡਿਪਟੀ ਮੇਅਰ ਸ਼੍ਰੀਮਤੀ ਗੁਰਿੰਦਰ ਕੌਰ ਮਾਂਗਟ ਦਾ ਮੰਨਣਾ ਹੈ ਕਿ ਸਵੱਛ ਭਾਰਤ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਮਹਿਲਾ ਸ਼ਕਤੀ ਅਹਿਮ ਰੋਲ ਅਦਾ ਕਰ ਸਕਦੀ ਹੈ। ਸਵੱਛ ਭਾਰਤ ਮੁਹਿੰਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਕੈਂਪਾਂ ਦੀ ਲੜੀ ਦੇ ਅੱਜ ਅਗਲੇ ਪੜਾਅ ਦੌਰਾਨ ਫ਼ੀਲਡ ਆਊਟਰੀਚ ਬਿਊਰੋ, ਜਲੰਧਰ ਵੱਲੋਂ ਸਥਾਨਕ ਜਨਤਾ ਨਗਰ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਮੇਅਰ ਨੇ ਔਰਤਾਂ ਨੂੰ ਇਸ ਮੁਹਿੰਮ ਵਿੱਚ ਵਧ-ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਭਾਰਤ ਸਰਕਾਰ ਵੱਲੋਂ ਬਠਿੰਡਾ ਵਿਖੇ ਜਾਗਰੂਕਤਾ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਪ੍ਰਚਾਰ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨਾਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਨਾ ਕੀਤੀ ਜਾਵੇ ਕਿਉਂ ਜੋ ਪਲਾਸਟਿਕ ਇੱਕ ਅਜਿਹੀ ਵਸਤ ਹੈ, ਜੋ ਕਈ ਸਾਲ ਤੱਕ ਨਹੀਂ ਗਲਦੀ।
ਇਹ ਜਿਥੇ ਸੀਵਰੇਜ ਜਾਮ ਕਰਨ ਦਾ ਵੱਡਾ ਕਾਰਨ ਬਣਦੀ ਹੈ, ਉਥੇ ਇਸ ਦੇ ਸੇਵਨ ਨਾਲ ਇਹ ਪਸ਼ੂਆਂ ਅੰਦਰ ਜਮਾਂ ਹੋ ਜਾਂਦੀ ਹੈ ਅਤੇ ਉਨਾਂ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਲਈ ਨਾ-ਗਲਣਯੋਗ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਬੰਦ ਕੀਤੀ ਜਾਵੇ ਅਤੇ ਇਸ ਦੀ ਥਾਂ ਗਲਣਸ਼ੀਲ ਲਿਫ਼ਾਫ਼ੇ ਹੀ ਵਰਤੇ ਜਾਣ।
ਫ਼ੀਲਡ ਆਊਟਰੀਚ ਬਿਊਰੋ ਜਲੰਧਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਸਵੱਛਤਾ ਪ੍ਰਤੀ ਸਾਨੂੰ ਸਿਰਫ਼ ਸੋਚ ਬਦਲਣ ਦੀ ਜ਼ਰੂਰਤ ਹੈ। ਸਾਫ਼-ਸਫ਼ਾਈ ਦਾ ਸਿੱਧਾ ਲਾਭ ਸਾਨੂੰ ਖ਼ੁਦ ਨੂੰ ਹੀ ਮਿਲਣਾ ਹੈ, ਇਸ ਲਈ ਅਸੀਂ ਅੱਜ ਤੋਂ ਹੀ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਕਰਕੇ ਇਸ ਮੁਹਿੰਮ ਵਿੱਚ ਸ਼ਾਮਲ ਹੋ ਜਾਈਏ। ਇਸ ਤੋਂ ਇਲਾਵਾ ਸਮਾਗਮ ਨੂੰ ਹੋਰਨਾਂ ਵੱਖ-ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵਾਰਡ-22 ਦੇ ਕੌਂਸਲਰ ਸ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।