ਮਾਨਸਾ, 17 ਜਨਵਰੀ 2019 - ਪਿਛਲੇ ਕੁਝ ਅਰਸੇ ਤੋਂ ਮਾਨਸਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੰਸਕਾਰ ਤੋਂ ਬਾਅਦ ਅਸਥੀਆਂ ਅਤੇ ਰਾਖ ਨੂੰ ਸ਼ਮਸ਼ਾਨ ਘਾਟ ਜਾ ਆਪਣੇ ਖੇਤਾਂ ਵਿੱਚ ਟੋਆ ਪੁੱਟ ਕੇ ਧਰਤੀ ’ਚ ਦੱਬ ਕੇ ਉਪੱਰ ਬੂਟਾ ਲਗਾਉਣ ਦੀਆਂ ਨਵੀਆਂ ਪਿਰਤਾਂ ਪਾਉਣ ਵਾਲੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਜਿਵੇ ਕਿ ਜਸਪਾਲ ਸਿੰਘ ਅਜਾਦ ਦੇ ਫੁੱਲ ਚੁਗਣ ਸਮੇਂ ਗੁਰਤੇਜ ਸਿੰਘ ਚਹਿਲ ਅਤੇ ਪ੍ਰਗਟ ਸਿੰਘ ਚਹਿਲ ਨੇ ਪਿੰਡ ਸਮਾਊ ਵਿਖੇ ਇਹ ਕਾਰਜ ਅਮਲ ਵਿੱਚ ਲਿਆਂਦੇ ਹਨ।
ਇਨ੍ਹਾਂ ਅੰਦਵਿਸ਼ਵਾਸੀ ਰਸਮਾਂ ਨੂੰ ਨਕਾਰਦਿਆਂ ਵਿਗਿਆਨਕ ਕਦਰਾਂ ਕੀਮਤਾਂ ਦੀ ਉਸਾਰੀ ਕਰਨ ਵਾਲੇ ਲੋਕਾਂ ਦੀ ਸ਼ਲਾਘਾ ਕਰਦਿਆਂ ਸ੍ਰ. ਨਾਜ਼ਰ ਸਿੰਘ ਮਾਨਸਾਹੀਆ ਐਮ. ਐਲ. ਏ. ਮਾਨਸਾ ਨੇ ਕਿਹਾ, ਕਿ ਦੁਨੀਆ ‘ਚੋਂ ਕਿਸੇ ਇਨਸਾਨ ਦਾ ਚਲੇ ਜਾਣਾ ਅਟੱਲ ਸਚਾਈ ਹੈ। ਪਰਿਵਾਰ ਨੂੰ ਢਾਰਸ ਦੇਣ ਦੇ ਨਾਲ ਨਾਲ ਮਨੂੱਖੀ ਜੀਵਨ ਨੂੰ ਕਾਇਮ ਰੱਖਣ ਲਈ ਕੁਦਰਤ ਦੇ ਅਨਮੂਲੇ ਸੋਮੇ ਪਾਣੀ ਨੂੰ ਸਾਫ ਕਰਕੇ ਸਮੂਚੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਵੀ ਜਰੂਰੀ ਹੈ। ਇਹਨਾਂ ਮਹੱਤਵਪੂਰਨ ਪਿਰਤਾਂ ਨੂੰ ਪੂਰੇ ਸਮਾਜ ਵਿੱਚ ਪਰਚੱਲਤ ਕਰਨ ਲਈ ਸਾਡੀਆਂ ਸਮਾਜਿਕ ਸੰਸਥਾਵਾਂ, ਕਲਮਕਾਰਾਂ, ਵਾਤਾਵਰਨ ਪ੍ਰੇਮੀਆਂ ਨੂੰ ਇਕੱਠੇ ਹੋ ਕੇ ਇੱਕ ਲਹਿਰ ਵੱਜੋਂ ਅੱਗੇ ਵਧਾਉਣਾ ਸਮੇ ਦੀ ਮੁੱਖ ਲੋੜ ਹੈ।