ਦੇਵਾਨੰਦ ਸ਼ਰਮਾ
ਫਰੀਦਕੋਟ 17, ਜਨਵਰੀ 2019 - ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਾਲ ਵਿਖੇ ਜ਼ਿਲ੍ਹੇ ਦੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਕੰਮਾਂ ਅਤੇ ਵੱਖ ਵੱਖ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਆਦਿ ਬਾਰੇ ਜਾਣਕਾਰੀ ਦੇਣ ਲਈ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਇਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਈ ਏ ਐਸ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀ ਮੁੱਢਲੀ ਤੇ ਮਜ਼ਬੂਤ ਇਕਾਈ ਹਨ ਅਤੇ ਨਵੇਂ ਚੁਣੇ ਗਏ ਸਰਪਚੰਾਂ ਤੇ ਪੰਚਾਂ ਨੂੰ ਉਨ੍ਹਾਂ ਦੇ ਕੰਮਾਂ, ਫਰਜ਼ਾਂ ਅਤੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਅੱਗੇ ਚੱਲ ਕੇ ਉਹ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਉਨ੍ਹਾਂ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਆਪਣੇ ਰੋਜਮਰ੍ਹਾ ਦੇ ਕੰਮਾਂ, ਆਪਣੇ ਪਿੰਡ ਤੇ ਸਮਾਜ ਪ੍ਰਤੀ ਫਰਜ਼ਾਂ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਲਗਭਗ 14 ਵਿਭਾਗਾਂ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ ਨੂੰ ਵਿਭਾਗਾਂ ਦੇ ਕੰਮਾਂ ਲੋਕ ਭਲਾਈ ਸਕੀਮਾਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਸਰਪੰਚ ਆਪਣੇ ਆਪਣੇ ਪਿੰਡਾਂ ਵਿਚ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਇਸ ਦੀ ਜਾਣਕਾਰੀ ਗ੍ਰਾਮ ਸਭਾ ਨੂੰ ਵੀ ਸਮੇਂ ਸਮੇਂ ਤੇ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਅਤੇ ਸਮਾਜਿਕ ਅਲਾਮਤਾਂ ਦੇ ਖਾਤਮੇ ਲਈ ਇਕਜੁਟ ਹੋ ਕੇ ਕੰਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਵਿਚ ਆਪਣਾ ਯੋਗਦਾਨ ਦੇਣ ਤਾਂ ਜੋ ਪੰਜਾਬ ਨੂੰ ਹਰ ਪੱਖੋਂ ਤੰਦਰੁਸਤ ਬਣਾਇਆ ਜਾ ਸਕੇ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਪਰਮਜੀਤ ਕੌਰ ਨੇ ਡਿਪਟੀ ਕਮਿਸ਼ਨਰ ਤੇ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਅੱਜ ਦੇ ਇਕ ਦਿਨਾਂ ਟਰੇਨਿੰਗ ਕੈਂਪ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸਰਪੰਚਾਂ ਅਤੇ ਪੰਚਾਂ ਦੀ ਟਰੇਨਿੰਗ ਲਈ ਅਜਿਹੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਕੱਤਰ ਸ੍ਰੀ ਬਲਜੀਤ ਸਿੰਘ ਕੈਂਥ ਨੇ ਪੇਂਡੂ ਵਿਕਾਸ ਵਿਭਾਗ ਦੀਆਂ ਸਕੀਮਾਂ ਜਿਵੇਂ ਕਿ ਮਗਨਰੇਗਾ, ਪ੍ਰਧਾਨ ਮੰਤਰੀ ਆਵਾਸ ਯੌਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਸ਼ਾਮਲਾਟ ਜ਼ਮੀਨਾਂ ਦੀ ਸੰਭਾਲ ਸਮੇਤ ਗ੍ਰਾਮ ਸਭਾ ਅਤੇ ਪੰਚਾਇਤਾਂ ਦੇ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਮਾਜਿਕ ਸਿੱਖਿਆ ਅਫਸਰ ਮੈਡਮ ਸਿੰਦਰ ਪਾਲ ਕੌਰ ਨੇ ਇਸਤਰੀਆਂ, ਬੱਚਿਆਂ, ਬਜੁਰਗਾਂ ਆਦਿ ਸਬੰਧੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ, ਪੈਨਸ਼ਨ ਸਕੀਮਾਂ ਅਤੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਆਦਿ ਸਬੰਧੀ ਜਾਣਕਾਰੀ ਦਿੱਤੀ।ਸਿਹਤ ਵਿਭਾਗ ਦੇ ਸ੍ਰੀ ਪ੍ਰਭਦੀਪ ਚਾਵਲਾ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਰੀਆਂ ਵੱਖ ਵੱਖ ਸਿਹਤ ਸਹੂਲਤਾਂ ਨਸ਼ਾ ਛੁਡਾਓ ਕੇਂਦਰਾਂ ਆਦਿ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਸਿੱਖਿਆ ਵਿਭਾਗ, ਪਸਵਕ ਕਮੇਟੀਆਂ ਸਬੰਧੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਜ਼ਸਬੀਰ ਜੱਸੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਤਾਦਾਦ ਵਧਾਉਣ ਅਤੇ ਸਕੂਲਾਂ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਸਹੂਲਤਾਂ ਦੱਸ ਕੇ ਨਵੇ ਚੁਣੇ ਸਰਪੰਚਾਂ ਤੋਂ ਸਹਿਯੋਗ ਦੀ ਮੰਗ ਕੀਤੀ। ਟਰੇਨਿੰਗ ਦੌਰਾਨ ਭਲਾਈ ਵਿਭਾਗ, ਪੁਲਿਸ ਵਿਭਾਗ, ਮਾਲ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱÎਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਡੇਅਰੀ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਬੁਲਾਰਿਆਂ ਨੇ ਵੀ ਆਪਣੇ ਵਿਭਾਗਾਂ ਦੀਆਂ ਸਕੀਮਾਂ ਅਤੇ ਕੰਮਾਂ ਬਾਰੇ ਸਰਪੰਚਾਂ ਨੂੰ ਜਾਣੂ ਕਰਵਾਇਆ । ਜ਼ਿਲ੍ਹਾ ਪ੍ਰਾਜੈਕਟ ਡਾਇਰੈਕਟਰ ਆਤਮਾ ਡਾ ਅਮਨਦੀਪ ਕੇਸ਼ਵ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਵੱਖ ਵੱਖ ਸਕੀਮਾਂ, ਦਿੱਤੀਆਂ ਜਾ ਰਹੀਆਂ ਸਬਸਿਡੀਆਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਭਾਗ ਵੱਲੋਂ ਤਿਆਰ ਨਾਟਕ ਜਿਥੇ ਸਫਾਈ ਉਥੇ ਖੁਦਾਈ ਦੀ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਜ਼ਿਲ੍ਹੇ ਦੇ ਸਰਪੰਚਾਂ ਨੇ ਇਸ ਇਕ ਰੋਜਾ ਟਰੇਨਿੰਗ ਵਰਕਸ਼ਾਪ ਦਾ ਭਰਪੂਰ ਲਾਹਾ ਲਿਆ ਤੇ ਕਿਹਾ ਕਿ ਇਹ ਟਰੇਨਿੰਗ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਲਈ ਲਾਭਕਾਰੀ ਹੋਵੇਗੀ। ਇਸ ਮੌਕੇ ਸਰਪੰਚਾਂ ਨੇ ਬੁਲਾਰਿਆਂ ਤੋਂ ਪੰਚਾਇਤ ਦੇ ਕੰਮਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਸਵਾਲ ਵੀ ਪੁੱਛੇ।
ਇਸ ਮੌਕੇ ਸ ਪਰਮਦੀਪ ਸਿੰਘ ਐਸ ਡੀ ਐਮ ਫਰੀਦਕੋਟ/ਕੋਟਕਪੂਰਾ, ਬਲਵਿੰਦਰ ਸਿੰਘ ਸਹਾਇਕ ਕਮਿਸ਼ਨਰ ਜਨਰਲ, ਮੈਡਮ ਬਲਜੀਤ ਕੌਰ, ਡੀ ਡੀ ਪੀ ਓ, ਬਲਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ, ਸ੍ਰੀ ਅਸੋਕ ਕੁਮਾਰ, ਬੀ ਡੀ ਪੀ ਓ ਫਰੀਦਕੋਟ, ਮੈਡਮ ਕੁਸਮ ਅਗਰਵਾਲ, ਬੀ ਡੀ ਪੀ ਓ ਕੋਟਕਪੂਰਾ, ਸ ਹਰਮੇਲ ਸਿੰਘ, ਬੀ ਡੀ ਪੀ ਓ ਜੈਤੋ, ਨਿਰਮਲ ਸਿੰਘ ਪਟਵਾਰੀ, ਅਤੇ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਸਰਪੰਚ ਹਾਜ਼ਰ ਸਨ।