← ਪਿਛੇ ਪਰਤੋ
ਐਸ.ਏ.ਐਸ ਨਗਰ 17 ਜਨਵਰੀ 2019: ਪੰਜਾਬ ਸਕੂਲ ਸਿੱਖਿਆ ਦੇ ਖੇਤਰ ਵਿੱਚ ਇਸ ਅਕਾਦਮਿਕ ਸਾਲ ਦੌਰਾਨ ਸੀਨੀਅਰ ਸੈਕੰਡਰੀ ਕਲਾਸਾਂ ਲਈ ਤਿਆਰ ਕੀਤੀ ਗਈ ਇਤਿਹਾਸ ਦੀ ਪਾਠ ਪੁਸਤਕ ਸਬੰਧੀ ਉੱਤੇ ਸਿਆਸੀ ਵਿਵਾਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਜ ਸ਼ੈਲੀ ਵਿੱਚ ਵੱਡੀ ਤਬਦੀਲੀ ਲੈ ਆਉਂਦੀ ਹੈ| ਇਸ ਤਬਦੀਲੀ ਦੇ ਤਹਿਤ ਬੋਰਡ ਦੀ ਅਕਾਦਮਿਕ ਸ਼ਾਖਾ ਨੇ ਨਾ ਸਿਰਫ ਇਤਿਹਾਸ ਦੇ ਸੀਨੀਅਰ ਸੈਕੰਡਰੀ ਪੱਧਰੀ ਪ੍ਰਸ਼ਨ ਬੈਂਕ, ਮਾਡਲ ਟੈਸਟ ਪੇਪਰ ਤੇ ਪ੍ਰਸ਼ਨ ਪੱਤਰ ਦੀ ਬਣਤਰ ਬੋਰਡ ਦੀ ਸਾਈਟ ਉੱਤੇ ਪਾ ਕੇ ਜਗ-ਜ਼ਹਿਰ ਕੀਤੀ ਹੈ ਸਗੋਂ ਹੋਰ ਵੀ ਕਈ ਵਿਸ਼ਿਆਂ ਤੇ ਦਸਵੀਂ ਕਲਾਸ ਦੇ ਪੱਧਰ ਦੇ ਨਮੂਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਸਾਈਟ ਉੱਤੇ ਪਾ ਦਿੱਤੇ ਹਨ| ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਸਬੰਧੀ ਪਿਛਲੇ ਅਕਾਦਮਿਕ ਸਾਲ ਤੱਕ ਸਿਰਫ਼ ਪ੍ਰਸ਼ਨ ਪੱਤਰ ਦੀ ਬਣਤਰ ਹੀ ਬੋਰਡ ਦੇ ਸਾਈਟ ਉੱਤੇ ਦਿਖਾਈ ਜਾਂਦੀ ਸੀ ਪਰ ਇਤਿਹਾਸ ਦੀਆਂ ਪਾਠ-ਪੁਸਤਕਾਂ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੀ ਲੋੜ ਨੇ ਬੋਰਡ ਦੇ ਸਬੰਧਤ ਅਧਿਕਾਰੀਆਂ ਦਾ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਨੂੰ ਵਿਦਿਆਰਥੀਆਂ ਲਈ ਹੋਰ ਲਾਹੇਵੰਦ ਬਨਾਉਣ ਵੱਲ ਧਿਆਨ ਖਿੱਚਿਆ ਹੈ ਤੇ ਬੋਰਡ ਨੇ ਆਪਣੀ ਨੀਤੀ ਨੂੰ ਵਿਦਿਆਰਥੀ-ਮੁਖੀ ਕਰਦਿਆਂ ਬਾਰ੍ਹਵੀਂ ਦੇ ਨਾਲ-ਨਾਲ ਦਸਵੀਂ ਕਲਾਸ ਅਤੇ ਇਤਿਹਾਸ ਦੇ ਨਾਲ-ਨਾਲ ਹੋਰ ਵਿਸ਼ਿਆਂ ਦੇ ਮਾਡਲ ਟੈਸਟ ਪੇਪਰ ਤੇ ਪ੍ਰਸ਼ਨ ਬੈਂਕ ਦੀ ਆਪਣੀ ਸਾਈਟ ਰਾਹੀਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਹਨ| ਸਕੂਲ ਬੋਰਡ ਇਸ ਸਾਲ ਆਪਣਾ ਗੋਲਡਨ ਜੁਬਲੀ ਵਰ੍ਹਾ ਮਨਾ ਰਿਹਾ ਹੈ ਅਤੇ ਇਸ ਵਰ੍ਹੇ ਦੇ ਦੌਰਾਨ ਨੀਤੀ ਵਿੱਚ ਤਬਦੀਲੀ ਸੂਬੇ ਦੇ ਪਾੜ੍ਹਿਆਂ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ| ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਪਹਿਲਾਂ ਅਜਿਹਾ ਬੋਰਡ ਹੈ ਜਿਸਨੇ ਸਰੀਰਕ ਤੇ ਮਾਨਸਿਕ ਪੱਖੋਂ ਅਲਾਮਤਾਂ ਨਾਲ ਲੜ ਰਹੇ ਵਿਦਿਆਰਥੀਆਂ ਲਈ ਵੱਖਰੇ ਪ੍ਰਸ਼ਨ ਪੱਤਰ ਤੇ ਹੱਲ ਕਰਨ ਦਾ ਵੱਧ ਸਮਾਂ ਦੇਣ ਦਾ ਨਿਯਮ ਲਾਗੂ ਕੀਤਾ ਹੈ| ਵਿਸ਼ੇਸ਼ ਲੋੜਾਂ ਜਾਂ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਵੱਖਰੇ ਪ੍ਰਸ਼ਨ ਪੱਤਰਾਂ ਦੇ ਨਮੂਨੇ ਤੇ ਪ੍ਰਸ਼ਨ ਬੈਂਕ ਵੀ ਬੋਰਡ ਦੀ ਸਾਈਟ ਉੱਤੇ ਉਪਲੱਬਧ ਹਨ| ਇੰਨਾ ਹੀ ਨਹੀਂ ਸਗੋਂ ਆਮ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਲਈ ਦਿੱਤੇ ਜਾਂਦੇ 3 ਘੰਟਿਆਂ ਦੇ ਸਮੇਂ ਦੀ ਥਾਂ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਨੂੰ 4 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ| ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕੋਲਹੀਆ ਨੇ ਅੱਜ ਇੱਥੇ ਕਿਹਾ ਕਿ ਬੋਰਡ ਨਵੇਂ ਰਾਹਾਂ ਉੱਤੇ ਆਪਣੇ ਨਿੱਗਰ ਕਦਮ ਧਰਨੇ ਹਮੇਸ਼ਾਂ ਜਾਰੀ ਰੱਖੇਗਾ|
Total Responses : 189