ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਨੇ ਕੀਤਾ ਪਿੰਡਾਂ ਦਾ ਦੌਰਾ
ਪੰਚਾਇਤਾਂ ਇਕਜੁੱਟਤਾ ਨਾਲ ਪਿੰਡਾਂ ਦੀ ਨੁਹਾਰ ਬਦਲਣ ਲਈ ਅੱਗੇ ਆਉਣ : ਡਿਪਟੀ ਕਮਿਸ਼ਨਰ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਨੇ ਕੀਤਾ ਪਿੰਡਾਂ ਦਾ ਦੌਰਾ
ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 18 ਜਨਵਰੀ 2019
ਜ਼ਿਲਾ ਹੁਸ਼ਿਆਰਪੁਰ ਦੀ ਡਿਪਟੀ ਕੱਮਿਸ਼ਨਰ ਈਸ਼ਾ ਕਾਲੀਆਂ ਨੇ ਇੱਕ ਵਾਰ ਆਪਣੇ ਅਧੀਨ ਪ੍ਰਸ਼ਾਸਨ ਨੂੰ ਚੁਸਤ ਤੇ ਜਵਾਬਦੇਹ ਬਣਾਉਣ ਦੇ ਮਕਸਦ ਇੱਕ ਨਵੀਂ ਸ਼ੁਰੂਆਤ ਕੀਤੀ, ਉਨ੍ਹਾਂ ਨੇ "ਜ਼ਿਲਾ ਪ੍ਰਸ਼ਾਸਨ ਆਪ ਦੇ ਬਰੂਹਾਂ ਤੇ'" ਨਾਂ ਦੀ ਇੱਕ ਮੁਹਿੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਹੈ ! ਇਸ ਦਾ ਮੁੱਖ ਮਕਸਦ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਚਲ ਰਹੀਆਂ ਯੋਜਨਾਵਾਂ ਨੂੰ ਹੋਰ ਕਾਰਗਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਣਾ ਹੈ !
ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੋ ਪਿੰਡਾਂ ਦਾ ਦੌਰਾ ਕਰਕੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਡਿਪਟੀ ਕਮਿਸ਼ਨਰ ਨੂੰ ਆਪਣੇ ਪਿੰਡ ਦੇਖ ਕੇ ਇਲਾਕਾ ਵਾਸੀਆਂ ਨੇ ਡਾਹਢੀ ਖੁਸ਼ੀ ਦਾ ਇਜ਼ਹਾਰ ਕੀਤਾ।
ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸਕੀਮਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ: ਈਸ਼ਾ ਕਾਲੀਆ
ਪਿੰਡ ਚੱਕ ਸਾਧੂ ਅਤੇ ਪਿੰਡ ਖੜਕਾਂ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਈਸ਼ਾ ਕਾਲੀਆ ਨੇ ਕਿਹਾ ਕਿ ਪੰਚਾਇਤਾਂ ਅਤੇ ਪਿੰਡ ਵਾਸੀ ਇਕਜੁੱਟਤਾ ਨਾਲ ਪਿੰਡਾਂ ਦੀ ਨੁਹਾਰ ਬਦਲਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਸੁਚਾਰੂ ਢੰਗ ਨਾਲ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਿਸੇ ਵੀ ਯੋਗ ਵਿਅਕਤੀ ਨੂੰ ਸਰਕਾਰੀ ਸਕੀਮਾਂ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ 'ਜ਼ਿਲਾ ਪ੍ਰਸ਼ਾਸਨ ਆਪ ਦੇ ਬਰੂਹਾਂ 'ਤੇ' ਮੁਹਿੰਮ ਤਹਿਤ ਹਰ ਸ਼ੁੱਕਰਵਾਰ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ, ਜਿਸ ਦੌਰਾਨ ਪੰਚਾਇਤਾਂ ਸਕੀਮਾਂ ਸਬੰਧੀ ਸਮੱਸਿਆਵਾਂ ਤੋਂ ਜਾਣੂ ਕਰਵਾ ਸਕਦੀਆਂ ਹਨ। ਉਨਾਂ ਕਿਹਾ ਕਿ ਪਿੰਡਾਂ ਦੇ ਦੌਰੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਕੀਮਾਂ ਦਾ ਆਡਿਟ ਵੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਡੀ.ਡੀ.ਪੀ.ਓ. ਦੇ ਦਫ਼ਤਰ ਫੈਸਲੀਟੇਸ਼ਨ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਮਗਨਰੇਗਾ ਤਹਿਤ ਕੰਮ ਕਰਵਾਉਣੇ ਯਕੀਨੀ ਬਣਾਏ ਜਾਣ, ਤਾਂ ਜੋ ਪਿੰਡਾਂ ਦੀ ਦਿੱਖ ਬਦਲੀ ਜਾ ਸਕੇ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਿੰਡਾਂ ਨੂੰ ਮੁਫ਼ਤ ਦਿੱਤੇ ਜਾਣਗੇ 550 ਬੂਟੇ'
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਿੰਡਾਂ ਨੂੰ ਮੁਫ਼ਤ ਬੂਟੇ ਦਿੱਤੇ ਜਾਣਗੇ, ਇਸ ਲਈ ਪੰਚਾਇਤਾਂ ਵਲੋਂ ਯੋਗ ਥਾਵਾਂ ਦੀ ਚੋਣ ਕਰ ਲਈ ਜਾਵੇ। ਉਨਾਂ ਕਿਹਾ ਕਿ ਸਰਕਾਰ ਵਲੋਂ ਮੁਫ਼ਤ ਆਟਾ-ਦਾਲ ਸਕੀਮ ਤਹਿਤ ਯੋਗ ਲਾਭਪਾਤਰੀਆਂ ਲਈ ਸਮਾਰਟ ਕਾਰਡ ਬਣਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਜਿਹੜੇ ਯੋਗ ਵਿਅਕਤੀ ਇਸ ਸਹੂਲਤ ਤੋਂ ਵਾਂਝੇ ਹਨ, ਉਹ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ 60 ਹਜ਼ਾਰ ਤੋਂ ਘੱਟ ਸਲਾਨਾ ਆਮਦਨ ਅਤੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਵਿਅਕਤੀ ਇਸ ਸਹੂਲਤ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਖਾਨੇ ਬਣਾਉਣ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ।
ਈਸ਼ਾ ਕਾਲੀਆ ਨੇ ਘਰ-ਘਰ ਰੋਜ਼ਗਾਰ ਯੋਜਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਜ਼ਿਲਾ ਬਿਊਰੋ ਆਫ਼ ਇੰਪਲਾਈਮੈਂਟ ਐਂਡ ਇੰਟਰਪ੍ਰਾਈਜਜ਼) ਦਾ ਦਫ਼ਤਰ ਖੋਲਿਆ ਗਿਆ ਹੈ, ਜਿਸ ਰਾਹੀਂ ਰੋਜ਼ਗਾਰ ਪ੍ਰਾਪਤੀ ਵਿੱਚ ਸਹਾਇਤਾ ਤੋਂ ਇਲਾਵਾ ਕੈਰੀਅਰ ਗਾਈਡੈਂਸ, ਕਾਊਂਸਲਿੰਗ, ਹੁਨਰ ਵਿਕਾਸ, ਉਦੱਮਤਾ ਆਦਿ ਬਾਰੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬਿਊਰੋ ਦੀ ਮਦਦ ਨਾਲ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਵਿੱਚ ਮਦਦ ਮਿਲੇਗੀ, ਉਥੇ ਹੀ ਉਦਯੋਗਾਂ ਨੂੰ ਹੁਨਰਮੰਦ ਕਰਮਚਾਰੀਆਂ ਦੀ ਪੂਰਤੀ ਵੀ ਆਸਾਨੀ ਨਾਲ ਹੋ ਸਕੇਗੀ।
ਘਰ-ਘਰ ਰੋਜ਼ਗਾਰ ਯੋਜਨਾ ਤਹਿਤ 15 ਫਰਵਰੀ ਨੂੰ ਰਿਆਤ ਬਾਹਰਾ ਇੰਸਟੀਚਿਊਟ ਵਿਖੇ ਰੋਜ਼ਗਾਰ ਮੇਲਾ
ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨ garpunjab.gov.in ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣ। ਉਨਾਂ ਕਿਹਾ ਕਿ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 15 ਫਰਵਰੀ ਨੂੰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਰੋਜ਼ਗਾਰ ਮੇਲਾ ਵੀ ਲਗਾਇਆ ਜਾ ਰਿਹਾ ਹੈ, ਜਿਸ ਦਾ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ।
ਈਸ਼ਾ ਕਾਲੀਆ ਨੇ ਕਿਹਾ ਕਿ ਜਿਹੜੇ ਨੌਜਵਾਨ 18 ਸਾਲ ਜਾਂ ਵੱਧ ਦੀ ਉਮਰ ਦੇ ਹੋ ਚੁੱਕੇ ਹਨ, ਉਹ ਜ਼ਿੰਮੇਵਾਰ ਨਾਗਰਿਕ ਦੀ ਤਰਾਂ ਵੋਟ ਜ਼ਰੂਰ ਬਣਵਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਨ। ਉਨਾਂ ਪਿੰਡ ਚੱਕ ਸਾਧੂ ਵਿਖੇ ਗਰਭਵਤੀ ਔਰਤਾਂ ਨੂੰ ਟੀਕਾਕਰਨ ਸਬੰਧੀ ਆ ਰਹੀ ਸਮੱਸਿਆ ਦਾ ਮੌਕੇ 'ਤੇ ਹੀ ਹੱਲ ਕਰਦਿਆਂ ਐਸ.ਐਮ.ਓ. ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦੀ ਸਹੂਲਤ ਦੂਸਰੇ ਪਿੰਡ ਦੀ ਬਜਾਏ ਇਸ ਪਿੰਡ ਵਿੱਚ ਹੀ ਪ੍ਰਦਾਨ ਕੀਤੀ ਜਾਵੇ।
ਉਨਾਂ ਪਿੰਡ ਖੜਕਾਂ ਦੀਆਂ ਦੋ ਪੰਚਾਇਤਾਂ ਨਾਲ ਗੱਲਬਾਤ ਕਰਦਿਆਂ ਟਿਊਬਵੈਲ ਕੁਨੈਕਸ਼ਨ ਦੀ ਸਮੱਸਿਆ ਦਾ ਮੌਕੇ 'ਤੇ ਹੀ ਹੱਲ ਕੀਤਾ। ਉਨਾਂ ਕਿਹਾ ਕਿ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ 'ਤੇ ਪਹਿਲ ਦੇ ਅਧਾਰ 'ਤੇ ਇਹ ਟਿਊਬਵੈਲ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰਸਤੇ ਦੀ ਆ ਰਹੀ ਸਮੱਸਿਆ ਦਾ ਹੱਲ ਕਰਦਿਆਂ ਬੀ.ਡੀ.ਪੀ.ਓ. ਨੂੰ ਹਦਾਇਤ ਕੀਤੀ ਕਿ ਇਥੇ ਜਲਦੀ ਖੜਵੰਜਾ ਬਣਾ ਕੇ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ 'ਜ਼ਿਲਾ ਪ੍ਰਸ਼ਾਸਨ ਆਪ ਦੇ ਬਰੂਹਾਂ 'ਤੇ' ਮੁਹਿੰਮ ਤਹਿਤ ਅੱਜ ਪਿੰਡਾਂ ਦੇ ਦੌਰੇ ਦੌਰਾਨ ਸਭ ਤੋਂ ਪਹਿਲਾਂ ਪਿੰਡ ਚੱਕ ਸਾਧੂ ਵਾਸੀ ਸ਼੍ਰੀ ਸਰਬਜੀਤ ਸਿੰਘ ਦੇ ਘਰ ਜਾ ਕੇ ਉਨਾਂ ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਬਾਰੇ ਦੱਸਿਆ। ਉਨਾਂ ਪਰਿਵਾਰ ਨੂੰ ਪੁੱਛਿਆ ਕਿ ਉਹ ਕਿਸੇ ਸਰਕਾਰੀ ਸਕੀਮ ਤੋਂ ਅਜੇ ਤੱਕ ਵਾਂਝੇ ਤਾਂ ਨਹੀਂ, ਜਿਸ 'ਤੇ ਪਰਿਵਾਰ ਨੇ ਦੱਸਿਆ ਕਿ ਉਹ ਮਗਨਰੇਗਾ ਤਹਿਤ ਪਿੰਡ ਵਿੱਚ ਰੋਜ਼ਗਾਰ ਪ੍ਰਾਪਤ ਕਰ ਰਹੇ ਹਨ। ਅਚਾਨਕ ਡਿਪਟੀ ਕਮਿਸ਼ਨਰ ਦੀ ਆਮਦ 'ਤੇ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸਰਪੰਚ ਚੱਕ ਸਾਧੂ ਹਰਜਿੰਦਰ ਕੌਰ, ਖੜਕਾਂ ਪਿੰਡ ਦੀਆਂ ਦੋ ਸਰਪੰਚ ਸੰਦੀਪ ਕੌਰ ਅਤੇ ਰਾਜ ਰਾਣੀ ਤੋਂ ਇਲਾਵਾ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।