ਆਸ਼ੀਸ਼ ਕੋਛੜ
ਅੰਮ੍ਰਿਤਸਰ, 19 ਜਨਵਰੀ 2019-ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ 'ਚ ਸੁਧਾਰ ਲਿਆਉਣ ਹਿਤ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ (ਦਿਸ਼ਾ) ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਬਾਈਪਾਸ 'ਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਕੀਤੇ ਗਏ ਕੰਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੂੰ ਕਿਹਾ ਕਿ ਉਹ ਉਕਤ ਸੰਸਥਾ ਵਲੋਂ ਕੀਤੇ ਗਏ ਕੰਮਾਂ ਦੇ ਤਕਨੀਕੀ ਪੱਖ ਅਤੇ ਗੁਣਵੱਤਾ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ। ਸ. ਔਜਲਾ ਨੇ ਕਿਹਾ ਕਿ ਗੋਲਡਨ ਗੇਟ ਦੇ ਸਾਹਮਣੇ ਬਾਈਪਾਸ 'ਤੇ ਬਣਾਏ ਗਏ ਪੁਲ ਦੇ ਇਲਾਵਾ ਸਾਰੇ ਬਾਈਪਾਸ 'ਤੇ ਹੋਇਆ ਕੰਮ ਗੁਣਵੱਤਾ ਦੇ ਕੰਮ ਉੱਤੇ ਪੂਰਾ ਨਹੀਂ ਉੱਤਰਦਾ, ਇਸ ਦੇ ਇਲਾਵਾ ਇਸ ਕੰਮ ਵਿਚ ਤਕਨੀਕੀ ਖ਼ਾਮੀਆਂ ਵੀ ਰੜਕ ਰਹੀਆਂ ਹਨ, ਜੋ ਕਿ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਨੈਸ਼ਨਲ ਹਾਈਵੇ ਸਬੰਧਿਤ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬਿਨਾਂ ਭਰੋਸੇ ਵਿਚ ਲਏ ਆਪਣੀ ਮਰਜ਼ੀ ਨਾਲ ਪੁਲ ਅਤੇ ਰਾਹ ਆਦਿ ਬਣਾਉਂਦਾ ਹੈ, ਜਿਸ ਦਾ ਵਰਤੋਂ ਜਾਂ ਕੁਵਰਤੋਂ ਦਾ ਇਨ੍ਹਾਂ ਦੇ ਅਧਿਕਾਰੀਆਂ ਨੂੰ ਕੋਈ ਇਲਮ ਨਹੀਂ ਹੁੰਦਾ।
ਕੰਮ ਦੀ ਕੁਆਲਿਟੀ ਨਾਲ ਨਹੀਂ ਹੋਵੇਗਾ ਸਮਝੌਤਾ
ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਨਿਰੀਖਣ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਹਿਰਦੈ ਪ੍ਰੋਜੈਕਟ ਤਹਿਤ 69 ਕਰੋੜ ਰੁਪਏ, ਅੰਮ੍ਰਿਤ ਪ੍ਰੋਜੈਕਟ ਤਹਿਤ 340 ਕਰੋੜ ਰੁਪਏ ਅਤੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ 1251 ਕਰੋੜ ਰੁਪਏ ਖ਼ਰਚ ਹੋਣੇ ਹਨ। ਸਾਰੇ ਕੰਮ ਦੀਆਂ ਡੀ. ਪੀ. ਆਰ. ਲੱਗ ਚੁੱਕੀਆਂ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਣਗੇ। ਸ: ਔਜਲਾ ਨੇ ਦੱਸਿਆ ਕਿ ਹਵਾਈ ਅੱਡਾ ਸੜਕ 'ਤੇ ਪੈਚ ਲਗਾਉਣ ਦਾ ਕੰਮ ਅਗਲੇ ਦੋ ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਮਾਰਚ ਵਿਚ ਸੜਕ ਉੱਪਰ ਨਵੀਂ ਲੁੱਕ-ਬਜਰੀ ਪਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹੀ ਅਜਨਾਲਾ ਤੋਂ ਚੁਗਾਵਾਂ, ਅਜਨਾਲਾ ਤੋਂ ਰਣੀਕੇ ਅਤੇ ਅੰਮ੍ਰਿਤਸਰ ਤੋਂ ਸੋਹੀਆ ਸੜਕ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਰਾਮ ਤੀਰਥ ਸੜਕ ਦਾ ਕੰਮ 43 ਕਰੋੜ ਰੁਪਏ ਖ਼ਰਚ ਕੇ ਕੀਤਾ ਜਾਵੇਗਾ ਅਤੇ ਇਸ 'ਤੇ ਹੋਰ ਦੋ ਨਵੇਂ ਪੁਲ ਬਣਾਏ ਜਾ ਰਹੇ ਹਨ।
ਸ਼ਹਿਰ 'ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ
ਮੀਟਿੰਗ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਤਹਿਤ ਸ਼ਹਿਰ 'ਚ 1100 ਸੀ. ਸੀ. ਟੀ. ਵੀ. ਕੈਮਰੇ ਅਤੇ ਸ਼ਹਿਰ ਦੀਆਂ ਪਾਰਕਾਂ 'ਚ 63 ਹਜ਼ਾਰ ਐਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਟਰੈਫ਼ਿਕ ਅਤੇ ਅਮਨ-ਕਾਨੂੰਨ ਉੱਤੇ ਨਜ਼ਰ ਰੱਖਣ ਲਈ ਸੰਗਠਿਤ ਪੁਲਿਸ ਕੰਟਰੋਲ ਰੂਮ ਹੋਵੇਗਾ, ਜਿੱਥੋਂ ਪੁਲਿਸ ਵਾਹਨਾਂ ਦੇ ਈ-ਚਲਾਨ ਕਰ ਸਕੇਗੀ। ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਸਕੂਲ ਸਮਾਰਟ ਕਲਾਸਾਂ ਨਾਲ ਲੈਸ ਹੋਣਗੇ ਅਤੇ ਸ਼ਹਿਰ ਵਿਚ 17 ਨਵੇਂ ਪਾਰਕਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਕੈਰੋਂ ਮਾਰਕੀਟ ਅਤੇ ਮੱਛੀ ਮੰਡੀ ਵਿਖੇ ਬਣਨ ਵਾਲੀਆਂ ਆਧੁਨਿਕ ਕਾਰ ਪਾਰਕਿੰਗ ਦਾ ਕੰਮ ਪੁਲਿਸ ਦੀ ਸਲਾਹ ਨਾਲ ਕੀਤਾ ਜਾਵੇ ਤਾਂ ਜੋ ਕਾਰਾਂ ਰੋਕਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ। ਸ: ਔਜਲਾ ਨੇ ਦੱਸਿਆ ਕਿ ਸ਼ਹਿਰ ਵਿਚ ਰੇਹੜੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਵਲੋਂ 43 ਸਥਾਨਾਂ ਤੇ ਰੇਹੜੀਆਂ ਲਗਾਉਣ ਦੀ ਚੋਣ ਕੀਤੀ ਹੈ।
ਰਿੰਗ ਰੋਡ ਉੱਤੇ ਬਣੇਗਾ ਐਲੀਵੇਟਿਡ ਰੋਡ
ਲੋਕ ਸਭਾ ਮੈਂਬਰ ਸ. ਔਜਲਾ ਨੇ ਦੱਸਿਆ ਕਿ ਸ਼ਹਿਰ ਦੀ ਰਿੰਗ ਰੋਡ ਉੱਤੇ ਐਲੀਵੇਟਿਡ ਰੋਡ ਬਣਾਉਣ ਦਾ ਪ੍ਰਸਤਾਵ ਸ਼ਹਿਰ ਦੇ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਹੈ, ਜਿੰਨਾ ਨੇ ਹਾਮੀ ਭਰ ਦਿੱਤੀ ਹੈ ਅਤੇ ਇਸ ਲਈ ਵਿਭਾਗ ਵੱਲੋਂ ਯੋਜਨਾਬੰਦੀ ਕੀਤੀ ਜਾ ਰਹੀ ਹੈ, ਜਿਸ ਦੇ ਬਣਨ ਨਾਲ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਦਾ ਹੱਲ ਹੋਵੇਗਾ। ਉਨ•ਾਂ ਸੀਵਰੇਜ ਅਧਿਕਾਰੀਆਂ ਨੂੰ ਹਦਾਇਤ ਕਰਦੇ ਕਿਹਾ ਕਿ ਜਿੱਥੇ ਵੀ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ, ਉਸ ਨੂੰ ਪੂਰਾ ਕਰਕੇ ਹੀ ਅੱਗੇ ਕੰਮ ਸ਼ੁਰੂ ਕੀਤਾ ਜਾਵੇ, ਕਿਉਂਕਿ ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ. ਔਜਲਾ ਨੇ ਟੁੱਟੀਆਂ ਸੜਕਾਂ ਦੀ ਸਾਰ ਨਾ ਲੈਣ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕਰਦੇ ਕਿਹਾ ਕਿ ਸੜਕਾਂ ਉੱਤੇ ਵੱਖ-ਵੱਖ ਵਿਭਾਗਾਂ ਵੱਲੋਂ ਹੁੰਦੇ ਕੰਮਾਂ ਨਾਲ ਅਕਸਰ ਸੜਕਾਂ ਪੁੱਟੀਆਂ ਜਾਂਦੀਆਂ ਹਨ, ਪਰ ਇਨ੍ਹਾਂ ਨੂੰ ਪੂਰਾ ਕਰਵਾਉਣਾ ਵੀ ਤੁਹਾਡਾ ਫ਼ਰਜ਼ ਹੈ ਅਤੇ ਇਸ ਕੰਮ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ: ਔਜਲਾ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਸ ਅਫ਼ਸਰਾਂ ਨੂੰ ਥਾਣੇ ਵਿਚ ਆਉਣ ਵਾਲੇ ਲੋਕਾਂ ਨਾਲ ਚੰਗਾ ਵਤੀਰਾ ਕਰਨਾ ਚਾਹੀਦਾ ਹੈ ਤਾਂ ਜੋ ਪੁਲਸ ਦੀ ਦਿੱਖ ਲੋਕਾਂ ਵਿਚ ਚੰਗੀ ਬਣ ਸਕੇ। ਉਨ•ਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਬੀ. ਆਰ. ਟੀ. ਐਸ. ਦੀਆਂ ਗ੍ਰਿਲਾਂ ਟੁੱਟੀਆਂ ਹੋਈਆਂ ਹਨ ਉਨ•ਾਂ ਨੂੰ ਰਿਪੇਅਰ ਕੀਤੇ ਜਾਣ ਅਤੇ ਗ੍ਰਿਲਾਂ ਤੋੜਨ ਵਾਲੇ 'ਤੇ ਪਰਚੇ ਦਰਜ਼ ਕੀਤੇ ਜਾਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਐੱਸ. ਸ੍ਰੀਵਾਸਤਵਾ ਪੁਲਸ ਕਮਿਸ਼ਨਰ, ਸ: ਪਰਮਪਾਲ ਸਿੰਘ ਐੱਸ. ਐੱਸ. ਪੀ ਦਿਹਾਤੀ, ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀਮਤੀ ਕੋਮਲ ਮਿੱਤਲ ਵਧੀਕ ਕਮਿਸ਼ਨਰ ਨਗਰ ਨਿਗਮ, ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਦਿਸ਼ਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ। ਨਾਲ ਹਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਤੇ ਹੋਰ ਅਧਿਕਾਰੀ। ਤਸਵੀਰ : ਆਸ਼ੀਸ਼