ਮੰਡੀ ਗੋਬਿੰਦਗੜ 19 ਜਨਵਰੀ 2019: ਕਾਂਗਰਸ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਫੰਡ ਲੈਣ ਦੇ ਬਾਵਜੂਦ ਸਕੂਲੀ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਵਾਸਤੇ ਪੈਸੇ ਜਾਰੀ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਅੱਜ ਯੂਥ ਅਕਾਲੀ ਦਲ ਨੇ ਸਮਾਜ ਦੇ ਗਰੀਬ ਤਬਕਿਆਂ ਦੇ ਇਹਨਾਂ ਬੱਚਿਆਂ ਨੂੰ ਕੜਾਕੇ ਦੀ ਸਰਦੀ ਤੋਂ ਰਾਹਤ ਦਿਵਾਉਣ ਲਈ ਸਰਦੀਆਂ ਦੀਆਂ ਵਰਦੀਆਂ ਵੰਡੀਆਂ।
ਯੂਥ ਅਕਾਲੀ ਦਲ ਵੱਲੋਂ ਸਰਦੀਆਂ ਦੀਆਂ ਵਰਦੀਆਂ ਵੰਡਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਲੋਕਪੁਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਇੰਚਾਰਜ ਯੂਥ) ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂਖੰਨਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਮਾਲਵਾ ਜ਼ੋਨ-3 ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਰ ਦੀ ਹਾਜ਼ਰੀ ਵਿਚ ਕੀਤੀ ਗਈ। ਯੂਥ ਅਕਾਲੀ ਦਲ ਵੱਲੋਂ ਆਉਣ ਵਾਲੇ ਦਿਨਾਂ ਵਿਚ ਆਪਣੀ ਇਸ ਮੁਹਿੰਮ ਨੂੰ ਹੋਰ ਵੱਡਾ ਕੀਤਾ ਜਾਵੇਗਾ। ਯੂਥ ਵਿੰਗ ਵੱਲੋਂ ਸਿਵਲ ਸੁਸਾਇਟੀ, ਐਨਜੀਓਜ਼ ਅਤੇ ਦਾਨੀ ਸੱਜਣਾਂ ਨੂੰ ਇਸ ਨੇਕ ਕਾਰਜ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਉੱਪਰ ਬੋਲਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਗਰੀਬ ਵਿਦਿਆਰਥੀਆਂ ਦੀ ਹਾਲਤ ਵੇਖ ਕੇ ਤਰਸ ਨਹੀਂ ਆਉਂਦਾ ਅਤੇ ਇੱਕ ਕੇਂਦਰੀ ਸਕੀਮ ਦੇ ਤਹਿਤ ਸਰਦੀਆਂ ਦੀਆਂ ਵਰਦੀਆਂ ਲਈ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਹਨਾਂ ਵਰਦੀਆਂ ਲਈ ਅਜੇ ਤੀਕ 35 ਕਰੋੜ ਰੁਪਏ ਜਾਰੀ ਨਹੀਂ ਕੀਤੇ ਹਨ, ਜਿਹੜੀਆਂ ਵਰਦੀਆਂ ਬੱਚਿਆਂ ਨੂੰ 15 ਨਵੰਬਰ ਤਕ ਦਿੱਤੀਆਂ ਜਾਣੀਆਂ ਸਨ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਕਾਂਗਰਸ ਸਰਕਾਰ ਸਰਦੀ ਖ਼ਤਮ ਹੋਣ ਦੀ ਉਡੀਕ ਕਰ ਰਹੀ ਹੈ ਤਾਂ ਕਿ ਵਰਦੀਆਂ ਦੀ ਲੋੜ ਹੀ ਖ਼ਤਮ ਹੋ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੇ ਇਸ ਕਠੋਰ ਵਤੀਰੇ ਨੇ ਸਕੂਲੀ ਸਿੱਖਿਆ ਨੂੰ ਵੱਡਾ ਝਟਕਾ ਦਿੱਤਾ ਹੈ। ਸਰਦੀਆਂ ਦੀਆਂ ਵਰਦੀਆਂ ਨਾ ਹੋਣ ਕਰਕੇ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਬਹੁਤ ਜ਼ਿਆਦਾ ਘਟ ਗਈ ਹੈ ਅਤੇ ਬਹੁਤ ਸਾਰੇ ਬੱਚੇ ਸਰਦੀ ਨਾਲ ਬੀਮਾਰ ਹੋਣ ਕਰਕੇ ਸਕੂਲ ਨਹੀਂ ਆ ਪਾਏ ਹਨ।
ਇਹ ਕਹਿੰਦਿਆਂ ਸਰਕਾਰ ਸਿਰਫ ਵਰਦੀਆਂ ਵੰਡਣ ਦੇ ਮੁੱਦੇ ਉੱਤੇ ਹੀ ਸੁੱਤੀ ਨਹੀਂ ਪਈ ਹੈ, ਸਗੋਂ ਸਕੂਲੀ ਬੱਚਿਆਂ ਨੂੰ ਕਿਤਾਬਾਂ ਅਤੇ ਮਿਡ ਡੇਅ ਮੀਲ ਵੀ ਨਹੀਂ ਦਿੱਤਾ ਜਾ ਰਿਹਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਬੇਹੱਦ ਚਲਾਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਦਿਆਰਥੀਆਂ ਉੱਤੇ 1200 ਰੁਪਏ ਪ੍ਰੀਖਿਆ ਫੀਸ ਅਤੇ 250 ਰੁਪਏ ਪ੍ਰਤੀ ਪ੍ਰੈਕਟੀਕਲ ਫੀਸ ਥੋਪ ਕੇ ਸਰਕਾਰੀ ਸਕੂਲਾਂ ਦੀ ਮੁਫਤ ਸਿੱਖਿਆ ਦੀ ਨੀਤੀ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਬੱਚਿਆਂ ਪ੍ਰਤੀ ਅਜਿਹਾ ਕਠੋਰ ਵਤੀਰਾ ਅਪਣਾਉਣ ਵਾਸਤੇ ਉਹਨਾਂ ਦੇ ਮਾਪਿਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਆਪਣੇ ਵਿਧਾਇਕਾਂ ਦੇ ਆਪਸੀ ਕਾਟੋ-ਕਲੇਸ਼ ਤੋਂ ਧਿਆਨ ਹਟਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਉਤੇ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਟੈਕਸਾਂ ਦੇ ਰੂਪ ਵਿਚ ਹਜ਼ਾਰਾਂ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ, ਪਰੰਤੂ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਹੈ।