ਐੱਸ.ਏ.ਐੱਸ.ਨਗਰ 20 ਜਨਵਰੀ 2019 - ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ 'ਚ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਅੰਦਰ ਪੜ੍ਹ ਰਹੇ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਅੱਖੋਂ-ਪਰੋਖੇ ਕਰਕੇ ਉਹਨਾਂ ਦਾ ਨਾਮ ਕੱਟਦੇ ਹੋਏ ਵਿਦਿਆਰਥੀਆਂ ਨੂੰ ਸਲਾਨਾ ਬੋਰਡ ਦੀਆਂ ਪ੍ਰੀਖਿਆਵਾਂ 'ਚ ਪ੍ਰਾਈਵੇਟ ਤੌਰ 'ਤੇ ਇਮਤਿਹਾਨ ਦੇਣ ਦੀ ਪ੍ਰਵਿਰਤੀ ਦੀਆਂ ਗੱਲਾਂ ਅੱਜਕੱਲ ਸਾਹਮਣੇ ਆ ਰਹੀਆਂ ਹਨ|
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਾਪਤ ਫੀਡਬੈਕ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਇੱਕ ਮੀਟਿੰਗ ਦੌਰਾਨ ਪ੍ਰਗਟਾਵਾ ਕੀਤਾ ਕਿ ਬਹੁਤ ਸਾਰੇ ਨਿਜੀ ਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਹਨ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਨੂੰ ਆਪਣੇ ਸਕੂਲ ਵੱਲੋਂ ਸਲਾਨਾ ਪ੍ਰੀਖਿਆਵਾਂ 'ਚ ਅਪੀਅਰ ਨਾ ਕਰਾ ਕੇ ਉਹਨਾਂ ਦਾ ਇਮਤਿਹਾਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਈਵੇਟ ਤੌਰ ਤੇ ਕਰਵਾਉਣ ਲਈ ਅਪੀਅਰ ਕਰਵਾਉਣ ਲੱਗੇ ਹਨ ਤਾਂ ਜੋ ਸਕੂਲਾਂ 'ਚੋ ਉਹਨਾਂ ਦੇ ਨਾਮ ਕੱਟੇ ਜਾਣ ਉਪਰੰਤ ਸਕੂਲਾਂ ਦਾ ਨਤੀਜਾ ਬਿਹਤਰ ਬਣ ਸਕੇ|
ਜਿਕਰਯੋਗ ਹੈ ਕਿ ਨਿਜੀ ਸਕੂਲ ਜਿੱਥੇ ਭਾਰੀ ਭਰਕਮ ਫੀਸਾਂ ਲੈਂਦੇ ਹਨ ਉੱਥੇ ਵਿਦਿਆਰਥੀ ਦੇ ਗੁਣਾਤਮਿਕ ਪੱਧਰ 'ਚ ਸੁਧਾਰ ਨਾ ਹੋਣ 'ਤੇ ਵਿਦਿਆਰਥੀ ਦੇ ਫ਼ੇਲ ਹੋਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ ਅਤੇ ਵਿਦਿਆਰਥੀ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਧੋਖੇ ਆਦਿ 'ਚ ਰੱਖ ਕੇ ਜਾਂ ਗਰੰਟੀ ਪਾਸ ਕਰਵਾਉਣ ਦੇ ਲਾਲਚ ਸਦਕਾ ਸੈਂਟਰ ਬਦਲਣ ਆਦਿ ਲਈ ਉਕਸਾ ਕੇ ਸਕੂਲ 'ਚੋਂ ਵਿਦਿਆਰਥੀ ਦਾ ਨਾਮ ਕੱਟ ਦਿੰਦੇ ਹਨ|
ਇਸ ਸਬੰਧੀ ਡਿਪਟੀ ਡਾਇਰੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮਾਨਯੋਗ ਸਿੱਖਿਆ ਮੰਤਰੀ ਓ ਪੀ ਸੋਨੀ ਜੀ ਪੰਜਾਬ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੇ ਵਧੀਆ ਨਤੀਜਿਆਂ ਲਈ ਸਮੇਂ-ਸਮੇਂ 'ਤੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹਨ ਤਾਂ ਜੋ ਪੰਜਾਬ ਸਿੱਖਿਆ ਦੇ ਖੇਤਰ 'ਚ ਪ੍ਰਾਪਤੀਆਂ ਕਰਦਾ ਰਹੇ| ਇਸ ਲਈ ਪੰਜਾਬ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਤੇ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਦੇ ਦਸਵੀਂ ਜਮਾਤਾਂ ਦੇ ਐਨਰੋਲ ਬੱਚਿਆਂ ਦੀ ਰਿਕਾਰਡ ਜਾਂਚ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਸਕੂਲਾਂ 'ਚ ਰਿਕਾਰਡ ਘੋਖਣਗੀਆਂ ਤੇ ਇਸ ਉਪਰੰਤ ਇੱਕ ਵਾਰ ਫਿਰ ਸਕੂਲਾਂ ਦਾ ਰਿਕਾਰਡ ਦੇਖਿਆ ਜਾਵੇਗਾ| ਜੇਕਰ ਸਕੂਲਾਂ 'ਚ ਕਿਸੇ ਰਿਕਾਰਡ 'ਚ ਛੇੜ-ਛਾੜ ਜਾਂ ਨਾਮ ਕੱਟਣ ਦੀ ਪ੍ਰਵਿਰਤੀ ਪਾਈ ਗਈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਜਿਹੇ ਸਕੂਲਾਂ 'ਤੇ ਫੌਰੀ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ ਅਤੇ ਐਫੀਲੀਏਸ਼ਨ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾ ਸਕੇ|
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਮੁੱਖ ਦਫ਼ਤਰ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ 'ਤੇ ਅਜਿਹੀ ਗਲਤ ਪ੍ਰਵਿਰਤੀ ਸਬੰਧੀ ਯੋਗ ਕਾਰਵਾਈ ਲਈ ਸੂਚਨਾ ਦਿੱਤੇ ਗਏ ਫੋਨ ਨੰਬਰ 9464952698 'ਤੇ ਵਟਸਐਪ ਜਾਂ ਟੈਕਸਟ ਮੈਸਜ ਅਤੇ ਇਸਤੋਂ ਇਲਾਵਾ ਈਮੇਲ ਆਈ pvtschoolinspection@gmail.com ਡੀ ਰਾਹੀਂ ਦਿੱਤੀ ਜਾ ਸਕਦੀ ਹੈ ਤਾਂ ਜੋ ਵਿਭਾਗ ਸਮਾਂ ਰਹਿੰਦੇ ਬਣਦੀ ਕਾਰਵਾਈ ਕਰ ਸਕੇ|