ਯਾਦਵਿੰਦਰ ਸਿੰਘ ਤੂਰ
ਬਰਨਾਲਾ, 20 ਜਨਵਰੀ 2019 - ਬਰਨਾਲਾ ਵਿਖੇ ਆਮ ਆਦਮੀ ਦੀ ਰੈਲੀ 'ਚ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਵਿਰੋਧੀ ਉਸ 'ਤੇ ਹਮੇਸ਼ਾ ਸ਼ਰਾਬ ਪੀਣ ਦੇ ਇਲਜ਼ਾਮ ਲਾਉਂਦੇ ਰਹੇ ਹਨ ਤੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਵੀਡੀੳ ਪਾ ਕੇ ਭੰਡੀ ਕਰਦੇ ਰਹੇ। ਮਾਨ ਨੇ ਸਟੇਜ 'ਤੇ ਆਪਣੀ ਮਾਂ ਨੂੰ ਬੁਲਾਉਂਦਿਆਂ ਕਿਹਾ ਕਿ ਹੁਣ ਉਨ੍ਹਾਂ ਨੇ ਸ਼ਰਾਬ ਦਾ ਹਮੇਸ਼ਾ ਲਈ ਫਾਹਾ ਵੱਢ ਦਿੱਤਾ ਤੇ ਉਹ ਕਦੇ ਵੀ ਦਾਰੂ ਨਹੀਂ ਪੀਣਗੇ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਕਲਾਕਾਰੀ ਦੀ ਲਾਈਨ ਹੀ ਅਜਿਹੀ ਸੀ ਕਿ ਜਿਸ 'ਚ ਦਾਰੂ ਪੀਤੀ ਜਾਂਦੀ ਸੀ, ਪਰ ਹੁਣ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹਨ ਅਤੇ ਉਹ ਆਪਣੇ ਵਿਰੋਧੀਆਂ ਨੂੰ ਕਿਸੇ ਗੱਲ ਦਾ ਵੀ ਮੌਕਾ ਨਹੀਂ ਦੇਣਗੇ।
ਮਾਨ ਨੇ ਕਿਹਾ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ, ਉਹ ਤਾਂ ਦੁਪਹਿਰੇ ਹੀ ਇਸ ਗੱਲ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਕੇ ਆਉਣਗੇ।