ਯਾਦਵਿੰਦਰ ਸਿੰਘ ਤੂਰ
ਬਰਨਾਲਾ, 20 ਜਨਵਰੀ 2019 - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਭਗਵੰਤ ਮਾਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਤੇ ਉਥੇ ਹੀ ਪਾਰਟੀ ਛੱਡ ਕੇ ਗਏ ਲੀਡਰਾਂ 'ਤੇ ਜਮ ਕੇ ਵਰ੍ਹੇ। ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਆਮ ਆਦਮੀ ਪਾਰਟੀ ਛੱਡ ਕੇ ਗਏ, ਉਹ ਪਾਰਟੀ 'ਚ ਰਹਿਣ ਦੇ ਲਾਇਕ ਨਹੀਂ ਸਨ ਤੇ ਉਹ ਸਿਰਫ ਟਿਕਟਾਂ ਦੇ ਭੁੱਖੇ ਸਨ ਤੇ ਪ੍ਰਮਾਤਮਾ ਨੇ ਆਪਣਾ ਝਾੜੂ ਚਲਾ ਕੇ ਪਾਰਟੀ 'ਚੋਂ ਗੰਦਗੀ ਸਾਫ ਕੀਤੀ ਹੈ ਤੇ ਭਗਵੰਤ ਮਾਨ ਵਰਗੇ ਵਧੀਆ ਨੇਤਾ ਪਾਰਟੀ 'ਚ ਬਰਕਰਾਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਬਿਖਰੀ ਨਹੀਂ ਹੈ, ਸਗੋਂ ਇਸ 'ਚੋਂ ਵਾਧੂ ਲੋਕਾਂ ਦੀ ਸਫਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਸੱਤਾ ਦੀ ਭੁੱਖ ਸੀ, ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਭਗਵੰਤ ਮਾਨ ਵਰਗੇ ਇਮਾਨਦਾਰ ਲੋਕ ਇਸ ਪਾਰਟੀ ਦੇ ਨਾਲ ਅੱਜ ਵੀ ਖੜ੍ਹੇ ਨੇ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਅਸਲੀ ਨੇਤਾ ਕਹਿੰਦਿਆਂ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਵੱਡਾ ਨੇਤਾ ਹੈ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਲੋਕ ਆਮ ਆਦਮੀ ਪਾਰਟੀ ਛੱਡ ਕੇ ਗਏ ਨੇ ਤੇ ਵਿਰੋਧੀਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਝਾੜੂ ਤੀਲ੍ਹਾ-ਤੀਲ੍ਹਾ ਹੋ ਗਿਆ। ਕੇਜਰੀਵਾਲ ਨੇ ਕਿਹਾ ਕਿ ਕਿਸੇ 'ਚ ਹਿੰਮਤ ਨਹੀਂ ਕਿ ਝਾੜੂ ਨੂੰ ਤੀਲ੍ਹਾ-ਤੀਲ੍ਹਾ ਕਰ ਸਕੇ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਹੇਠਾਂ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਦਿੱਲੀ ਵਾਂਗ ਆਪਣੀ ਲੜਾਈ ਪੂਰੇ ਜਜ਼ਬੇ ਨਾਲ ਲੜ ਰਹੇ ਹਨ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/AAPPunjab/videos/335039490431910/