ਫਿਰੋਜ਼ਪੁਰ 21 ਜਨਵਰੀ (ਗੁਰਿੰਦਰ ਸਿੰਘ) ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫਿਰੋਜ਼ਪੁਰ ਸ੍ਰੀਮਤੀ ਰਤਨਦੀਪ ਸੰਧੂ ਦੀ ਰਹਿਨੁਮਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜ਼ਿਲ੍ਹੇ ਵਿੱਚ 21 ਜਨਵਰੀ ਤੋਂ ਲੈ ਕੇ 26 ਜਨਵਰੀ 2019 ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ ਦਾ ਆਰੰਭ ਕੀਤਾ ਗਿਆ। ਸਮੂਹ ਸੁਪਰਵਾਇਜਰ ਵੱਲੋਂ ਆਪਣੇ-ਆਪਣੇ ਬਲਾਕ ਦੀਆਂ ਆਂਗਣਵਾੜੀਆਂ ਨੂੰ ਨਾਲ ਲੈ ਕੇ ਪਿੰਡ ਅਤੇ ਵਾਰਡ ਦੇ ਘਰ-ਘਰ ਜਾ ਕੇ ਬੇਟੀ ਬਚਾਓ ਬੇਟੀ ਪੜ੍ਹਾਓ ਥੀਮ ਪ੍ਰਤੀ ਲੋਕਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਧੀਆਂ ਨੂੰ ਮੁੰਡਿਆਂ ਤੋਂ ਘੱਟ ਨਾ ਸਮਝਣ ਤੇ ਧੀਆਂ ਨੂੰ ਮੁੰਡਿਆਂ ਵਾਂਗ ਸਿੱਖਿਆ ਦੇਣ ਅਤੇ ਪਾਲਨ ਪੋਸ਼ਣ ਕਰਨ। ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਸਿੱਖਿਆ ਲੈਣ ਲਈ ਭੇਜਣ ਤਾਂ ਜੋ ਉਹ ਚੰਗੀ ਸਿੱਖਿਆ ਹਾਸਲ ਕਰਕੇ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਣ। ਇਸ ਦੇ ਨਾਲ ਹੀ ਸਮੂਹ ਸੁਪਰਵਾਇਜਰ ਵੱਲੋਂ ਪਿੰਡ-ਪਿੰਡ ਜਾ ਕੇ ਸਹੁੰ-ਚੁੱਕ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਧੀਆਂ ਨੂੰ ਲੜਕਿਆਂ ਵਾਂਗ ਪਾਲਣ-ਪੋਸਣ ਕਰਨ, ਸਿੱਖਿਆ ਦੇਣ ਲਈ ਸਹੁੰ ਚੁਕਾਈ ਗਈ। ਇਸ ਮੌਕੇ ਸੁਪਰਵਾਈਜ਼ਰ ਕਸ਼ਮੀਰ ਕੌਰ, ਰਾਜਿੰਦਰ ਕੌਰ, ਸਤਵੰਤ ਕੌਰ, ਗੁਰਪ੍ਰੀਤ ਕੌਰ, ਵੀਨਾ ਰਾਣੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸਤਨਾਮ ਸਿੰਘ ਮੌਜੂਦ ਸਨ।