ਸਭਿਆਚਾਰਕ ਪ੍ਰੋਗਰਾਮ ਦੀ ਰਿਹਾਇਸਲ ਕਰਦੇ ਵਿਦਿਆਰਥੀ
ਜਗਦੀਸ਼ ਥਿੰਦ
ਫਾਜ਼ਿਲਕਾ 21 ਜਨਵਰੀ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਦੇ 70ਵੇਂ ਗਣਤੰਤਰਤਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾ-ਸ਼ੋਰਾ ਨਾਲ ਚੱਲ ਰਹੀਆਂ ਹਨ। ਇਸ ਤਹਿਤ ਇਥੋਂ ਦੇ ਐਮ.ਆਰ. ਕਾਲਜ ਦੇ ਸਟੇਡੀਅਮ ਵਿਖੇ ਹੋਈ ਰਿਹਰਸਲ ਦਾ ਜ਼ਿਲ੍ਹਾ ਪੱਧਰੀ ਸਭਿਆਚਾਰਕ ਕਮੇਟੀ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਓਮ ਪ੍ਰਕਾਸ਼ ਨੇ ਕਿਹਾ ਕਿ 24 ਜਨਵਰੀ ਨੂੰ ਫੂਲ ਡਰੈਸ ਰਿਹਰਸਲ ਵਾਲੇ ਦਿਨ ਤੱਕ ਰਹਿ ਗਈਆਂ ਖਾਮੀਆਂ ਨੂੰ ਦੂਰ ਕੀਤੇ ਜਾਣਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੇ ਇੰਚਾਰਜ ਸਾਹਿਬਾਨਾਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ।
ਰਿਹਰਸਲ ਮੌਕੇ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਹਿੰਦ ਤੇ ਸਾਰਾਗੜ੍ਹੀ ਦੇ ਸਾਕੇ ਬਾਰੇ ਦਿਲ ਨੂੰ ਦਹਿਲਾ ਦੇਣ ਵਾਲੀ ਕੋਰੋਗ੍ਰਾਫੀ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਆਤਮ ਵਲਭ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਦਰਸ਼ਾਉਂਦੀ ਹੋਈ ਕੋਰੋਗ੍ਰਾਫੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ, ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ, ਸਰਕਾਰੀ ਸਕੂਲ ਮੌਜਮ, ਸਰਕਾਰੀ ਸਕੂਲ ਵਣ ਵਾਲਾ ਹਨਵੰਤਾ, ਸਰਕਾਰੀ ਸੀਨੀਅਰ ਸੈਕੰਡਰੀ ਖੂਈ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੇ ਲੜਕਿਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਸ. ਪੰਮੀ ਸਿੰਘ, ਗਿੱਧਾ ਟੀਮ ਦੀ ਇੰਚਾਰਜ ਮੈਡਮ ਰੇਨੁਕਾ, ਸ੍ਰੀ ਹਰਸ਼ ਜੁਨੇਜਾ ਤੋਂ ਇਲਾਵਾ ਹੋਰ ਸਭਿਆਚਾਰ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਸਬੰਧਤ ਸਕੂਲਾਂ ਅਤੇ ਕਾਲਜਾਂ ਦੇ ਇੰਚਾਰਜ ਸਾਹਿਬਾਨ ਮੌਜੂਦ ਸਨ।