ਲੁਧਿਆਣਾ, 22 ਜਨਵਰੀ 2019 - ਸਿੱਖ ਮਾਰਸ਼ਲ ਆਰਟ ਤੇ ਅਧਾਰਿਤ ਗੱਤਕੇ ਦੀ ਖੇਡ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਕਿ ਅਸੀਂ ਆਪਣੀ ਰਵਾਇਤੀ ਜੰਗਜੂ ਖੇਡ ਦੀ ਸੰਭਾਲ ਕਰਕੇ ਇਸਨੂੰ ਕੌਮਾਂਤਰੀ ਪੱਧਰ ਦੀ ਖੇਡ ਦਾ ਦਰਜ ਦਿਵਾ ਸਕੀਏ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਉਘੀ ਸਮਾਜ ਸੇਵਿਕਾ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਲੀਗਲ ਐਡਵਾਈਜ਼ਰ ਐਡਵੋਕੇਟ ਦਲਜੀਤ ਕੌਰ ਨੇ ਇੰਡੋ-ਕੀਵੀ ਸਪੋਰਟਸ ਐਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਯੋਜਿਤ ਕੀਤੇ ਗਏ ਹੈਰੀਟੇਜ਼ ਗੱਤਕਾ ਸ਼ੋਅ ਦੌਰਾਨ ਇਕੱਤਰ ਹੋਈਆ ਸ਼ਖਸੀਅਤਾਂ ਅਤੇ ਗੱਤਕਾ ਖਿਡਾਰੀਆ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ ।
ਉਨ੍ਹਾਂ ਨੇ ਇੰਡੋ-ਕੀਵੀ ਸਪੋਰਟਸ ਐਡ ਕਲਚਰਲ ਕਲੱਬ ਦੇ ਪ੍ਰਧਾਨ ਸੁਖਮਿੰਦਰ ਸਿੰਘ, ਜੀ.ਆਰ.ਡੀ. ਐਕਡਮੀ ਦੇ ਐਮ.ਡੀ. ਸ. ਇੰਦਰਜੀਤ ਸਿੰਘ ਉਬਰਾਏ, ਪ੍ਰਿੰ. ਸ੍ਰੀਮਤੀ ਨਵਨੀਤ ਕੌਰ ਅਤੇ ਗੱਤਕਾ ਪ੍ਰਮੋਟਰ ਰਣਜੀਤ ਸਿੰਘ ਖਾਲਸਾ ਵੱਲੋਂ ਜੰਗਜੂ ਖੇਡ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸੂਰਬੀਰਤਾ ਵਾਲੇ ਗੱਤਕਾ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆ ਦੀ ਭੈੜੀ ਲਤ ਤੋਂ ਦੂਰ ਰੱਖ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਸਿੱਧ ਹੋਣਗੇ ।
ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਸ. ਸੁਖਮਿੰਦਰ ਸਿੰਘ ਪ੍ਰਧਾਨ ਇੰਡੋ-ਕੀਵੀ ਸਪੋਰਟਸ ਐਡ ਕਲਚਰਲ ਕਲੱਬ ਨਿਊਜੀਲੈਂਡ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਅਮੀਰ ਵਿਰਾਸਤੀ ਸ਼ਸਤਰ ਕਲਾ ਨੂੰ ਪ੍ਰਫੁੱਲਤ ਕਰਨ ਹਿੱਤ ਨੌਜਵਾਨਾਂ ਅਤੇ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਿੱਖ ਮਾਰਸ਼ਲ ਆਰਟ ਖੇਡ ਗੱਤਕੇ ਦੀ ਸਹੀ ਸੰਭਾਲ ਹੋ ਸਕੇ । ਉਨ੍ਹਾਂ ਨੇ ਕਿਹਾ ਕਿ ਸਾਡਾ ਕਲੱਬ ਆਉਣ ਵਾਲੇ ਸਮੇਂ ਦੌਰਾਨ ਨਿਊਜ਼ੀਲੈਂਡ ਵਿਖੇ ਵੀ ਵੱਡੇ ਪੱਧਰ ਤੇ ਗੱਤਕਾ ਮੁਕਾਬਲੇ ਦਾ ਆਯੋਜਨ ਕਰੇਗਾ ਤਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਬੱਚੇ ਵੀ ਆਪਣੀ ਵਿਰਾਸਤੀ ਖੇਡ ਨਾਲ ਜੁੜ ਸਕਣ । ਇਸ ਤੋਂ ਪਹਿਲਾ ਜੀ.ਆਰ.ਡੀ. ਐਕਡਮੀ ਦੇ ਮੈਦਾਨ ਵਿੱਚ ਅਯੋਜਿਤ ਕੀਤੇ ਗਏ ਗਤਕਾ ਸ਼ੋਅ ਦੌਰਾਨ ਖਾਲਸਾਈ ਬਾਣੇ ਵਿੱਚ ਤਿਆਰ-ਬਰ-ਤਿਆਰ ਹੋ ਕੇ ਆਈਆ ਰਾਮਗੜ੍ਹੀਆ ਗਰਲਜ਼ ਸੀਨੀ: ਸੈਕੰ: ਸਕੂਲ ਦੀਆ ਗੱਤਕਾ ਖਿਡਾਰਨਾਂ ਨੇ ਸੂਰਬੀਰਤਾ ਨਾਲ ਭਰਪੂਰ ਜੁਝਾਰੂ ਕਲਾਂ ਦੀ ਖੇਡ ਗੱਤਕੇ ਦਾ ਜ਼ੋਰਦਾਰ ਪ੍ਰਦਰਸ਼ਨ ਮਹਿਮਾਨ ਸ਼ਖਸੀਅਤਾਂ ਦੇ ਸਨਮੁੱਖ ਪੇਸ਼ ਕੀਤਾ ਅਤੇ ਉਹਨਾਂ ਨੂੰ ਆਪਣੀ ਸ਼ਸਤਰ ਕਲਾਂ ਨਾਲ ਮੰਤਰ ਮੁੰਗਧ ਕਰ ਦਿੱਤਾ ।
ਗੱਤਕਾ ਸ਼ੋਅ ਦੀ ਸਮਾਪਤੀ ਉਪਰੰਤ ਇੰਡੋ-ਕੀਵੀ ਸਪੋਰਟਸ ਐਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਪ੍ਰਧਾਨ ਸੁਖਮਿੰਦਰ ਸਿੰਘ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਲੀਗਲ ਐਡਵਾਇਜ਼ਰ ਐਡਵੋਕੇਟ ਦਲਜੀਤ ਕੌਰ, ਗੱਤਕਾ ਪ੍ਰਮੋਟਰ ਰਣਜੀਤ ਸਿੰਘ, ਜੀ.ਆਰ.ਡੀ. ਐਕਡਮੀ ਦੇ ਐਮ.ਡੀ. ਸ. ਇੰਦਰਜੀਤ ਸਿੰਘ ਉਬਰਾਏ, ਪ੍ਰਿੰ. ਸ੍ਰੀਮਤੀ ਨਵਨੀਤ ਕੌਰ ਵੱਲੋਂ ਸਾਂਝੇ ਰੂਪ 'ਚ ਰਾਮਗੜ੍ਹੀਆ ਗਲਰਜ਼ ਸੀਨੀ: ਸੈਕੰ: ਸਕੂਲ ਦੀਆ ਗੱਤਕਾ ਖਿਡਾਰਨਾਂ ਨੂੰ ਯਾਦਗਾਰੀ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ, ਉਥੇ ਨਾਲ ਹੀ ਗੱਤਕਾ ਟੀਮ ਦੀ ਇੰਨਚਾਰਜ ਮੈਡਮ ਪਰਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁੱਦੇਦਾਰ ਸ. ਤਰਨਦੀਪ ਸਿੰਘ ਸੰਧਰ, ਸੁਖਦੇਵ ਸਿੰਘ, ਬੀਬੀ ਰਵਿੰਦਰ ਕੌਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।