ਚੰਡੀਗੜ੍ਹ, 22 ਜਨਵਰੀ 2019 - ਐਤਵਾਰ ਦੇ ਦਿਨ ਚੰਡੀਗੜ੍ਹ ਦੇ ਛੱਤਬੀੜ ਚਿੜੀਆਘਰ 'ਚ ਸ਼ੇਰ ਤੇ ਸ਼ੇਰਨੀ ਵੱਲੋਂ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਾਲਾਂਕਿ ਤਕਰੀਬਨ 10 ਮਿੰਟਾਂ 'ਚ ਹੀ ਵਿਅਕਤੀ ਨੂੰ ਸ਼ੇਰਾਂ ਦੇ ਚੁੰਗਲ 'ਚੋਂ ਛੁਡਾ ਲਿਆ ਗਿਆ ਸੀ। ਪਰ ਇਸ ਘਟਨਾ ਤੋਂ ਬਾਅਦ ਸ਼ੇਰ ਤੇ ਸ਼ੇਰਨੀ ਦੀ ਅਜੀਬ ਹਰਕਤ ਸਾਹਮਣੇ ਆਈ। ਸ਼ੇਰ ਜੋੜੇ ਨੇ ਚਿੜੀਆਘਰ ਦੇ ਕਰਮੀਆਂ ਵੱਲੋਂ ਪਾਇਆ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਰੀਬ 3 ਘੰਟੇ ਲਈ ਇਸ ਰੋਸ ਨੂੰ ਜਾਰੀ ਰੱਖਿਆ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਜੋੜੇ ਨੂੰ ਉਸ ਦਿਨ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਿੰਜਰਿਆਂ 'ਚ ਤਾੜ ਦਿੱਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਰੋਸ ਪ੍ਰਗਟਾਇਆ ਅਤੇ ਰੋਸੇ ਵਜੋਂ ਕਰਮੀਆਂ ਵੱਲੋਂ ਪਰੋਸਿਆ ਮੀਟ ਖਾਣ ਤੋਂ ਇਨਕਾਰ ਕਰ ਦਿੱਤਾ।
ਘਟਨਾ ਤੋਂ ਬਾਅਦ ਐਤਵਾਰ ਨੂੰ ਜ਼ੂ ਕਰਮੀ ਨੇ ਸ਼ੇਰ ਅਤੇ ਸ਼ੇਰਨੀ ਨੂੰ ਦੁਪਹਿਰ 3.20 'ਤੇ ਪਿੰਜਰੇ 'ਚ ਕੈਦ ਕਰ ਦਿੱਤਾ ਜਦਕਿ ਆਮ ਰੂਟੀਨ ਦੇ ਹਿਸਾਬ ਨਾਲ ਕਰਮੀ ਸ਼ੇਰਾਂ ਨੂੰ ਸ਼ਾਮ 5 ਵਜੇ ਪਿੰਜਰਿਆਂ 'ਚ ਬੰਦ ਕਰਦੇ ਹਨ। ਚਿੜੀਆਘਰ ਦੇ ਕਰਮੀਆਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸ਼ੇਰਾਂ ਨੂੰ ਮੀਟ 5.30 ਵਜੇ ਪਾਇਆ ਜਾਂਦਾ ਹੈ, ਪਰ ਉਸ ਦਿਨ ਸ਼ੇਰਾਂ ਨੇ ਆਪਣੇ ਆਪ ਨੂੰ ਸਮੇਂ ਤੋਂ ਪਹਿਲਾਂ ਕੈਦ ਕੀਤੇ ਜਾਣ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੇ ਰਾਤ ਦੇ 9 ਵਜੇ ਪਰੋਸਿਆ ਮੀਟ ਖਾਧਾ। ਉਨ੍ਹਾਂ ਕਿਹਾ ਕਿ ਜੋ ਕਰਮੀ ਰੋਜ਼ ਸ਼ੇਰਾਂ ਨੂੰ ਪਿੰਜਰਿਆਂ 'ਚੋਂ ਅੰਦਰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਉਹ ਸ਼ੇਰਾਂ ਦੀ ਭਾਸ਼ਾ ਖੂਬ ਸਮਝਦੇ ਹਨ।