ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 22 ਜਨਵਰੀ 2019 - ਲੋਕ ਸਭਾ ਚੋਣਾਂ 'ਚ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਢਾਹ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਬਸਪਾ ਪੰਜਾਬ ਤੇ ਲੋਕ ਇਨਸਾਫ ਪਾਰਟੀ ਬੰਦ ਕਮਰਾ ਬੈਠਕ 'ਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਡੈਮੋਕਰੇਟਿਕ ਅਲਾਇੰਸ ਅੱਜ ਦੇ ਸਮੇਂ ਦੀ ਮੰਗ ਹੈ ਤੇ ਉਹ ਅੱਜ ਇਸੇ ਵਿਚਾਰਧਾਰਾ 'ਤੇ ਬੈਠਕ ਕਰਨ ਲਈ ਇਕੱਤਰ ਹੋਏ ਸਨ। ਪੰਜਾਬ ਡੈਮੋਕਰੇਟਿਕ ਅਲਾਇੰਸ ਪੰਜਾਬ 'ਚ ਸਾਂਝੇ ਤੌਰ 'ਤੇ ਜੁੜ ਕੇ ਕੰਮ ਕਰਨਗੇ।
ਲੁਧਿਆਣਾ ਦੇ ਸਰਕਟ ਹਾਊਸ 'ਚ ਹੋਈ ਮੀਟਿੰਗ 'ਚ ਲੋਕਸਭਾ ਚੋਣਾਂ 'ਚ ਸੀਟਾਂ ਦੀ ਸਾਂਝੇਦਾਰੀ ਅਤੇ ਹੋਰ ਅਹਿਮ ਚਰਚਾ ਕੀਤੀ ਗਈ। ਸੇਖਵਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਇੱਕ ਵਿਚਾਰਧਾਰਾ 'ਤੇ ਚਰਚਾ ਹੋਈ ਤੇ ਜੋ ਕਿ ਬਿਲਕੁਲ ਸਫਲ ਰਹੀ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਜੋ ਕਿ ਹਫਤੇ ਦੇ ਅੰਦਰ ਹੀ ਰੱਖੀ ਜਾਵੇਗੀ, ਉਸ 'ਚ ਸੀਟਾਂ 'ਤੇ ਵੀ ਚਰਚਾ ਕੀਤੀ ਜਾਵੇਗੀ
ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਪੰਜਾਬ ਦਾ ਭਲਾ - ਸੇਖਵਾਂ
ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਟਿੰਗ 'ਚੋਂ ਆਮ ਆਦਮੀ ਪਾਰਟੀ ਨੂੰ ਵੀ ਇਸ ਮਹਾਂਗਠਬੰਧਨ 'ਚ ਜੁੜਨ ਲਈ ਫੋਨ ਕੀਤਾ ਸੀ, ਪਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਗਰੁੱਪ ਦੇ ਨਾਲ ਆਪਣਾ ਗਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਸੇਖਵਾਂ ਨੇ ਕਿਹਾ ਕਿ , ਜਦਕਿ ਖਹਿਰਾ ਨੇ ਸਾਫ ਕਰ ਦਿੱਤਾ ਸੀ ਕਿ ਪੰਜਾਬ ਦੇ ਭਲੇ ਲਈ ਉਹ ਭਗਵੰਤ ਮਾਨ ਹੁਰਾਂ ਨਾਲ ਅਲਾਇੰਸ ਕਰਨ ਨੂੰ ਤਿਆਰ ਹਨ। ਸੇਖਵਾਂ ਨੇ ਕਿਹਾ ਕਿ ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਹਿਤੈਸ਼ੀ ਨਹੀਂ ਹੈ ਤੇ ਉਹ ਪੰਜਾਬ 'ਚ ਫਿਰ ਤੋਂ ਉਹੀ ਰਿਵਾਇਤੀ ਪਾਰਟੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਸੇਖਵਾਂ ਨੇ ਕਿਹਾ ਕਿ ਲੋਕ ਅਲਾਇੰਸ ਨੂੰ ਵੋਟ ਪਾਉਣਗੇ ਤੇ ਇਸ ਲਈ ਕਿਸੇ ਪ੍ਰਧਾਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ ਵੱਖਰੀਆਂ ਹੋਣਗੀਆਂ ਪਰ ਸਾਰਿਆਂ ਨੂੰ ਮਿਲ ਕੇ ਤੀਜਾ ਬਦਲ ਜਰੂਰ ਦੇਣਗੀਆਂ।
ਮੀਟਿੰਗ ਵਿਚ ਸੁਖਪਾਲ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੀ ਟੀਮ, ਸਿਮਰਜੀਤ ਸਿੰਘ ਬੈਂਸ, ਬਸਪਾ ਤੋਂ ਰਸ਼ਪਾਲ ਸਿੰਘ ਮੌਜੂਦ ਸਨ। ਇਸ ਮੀਟਿੰਗ 'ਚ ਡਾ. ਧਰਮਵੀਰ ਗਾਂਧੀ ਨਜ਼ਰ ਨਹੀਂ ਆਏ।