ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੰਜ ਅੰਕ
ਐੱਸ.ਏ.ਐੱਸ. ਨਗਰ 22 ਜਨਵਰੀ,2019: ਸਿੱਖਿਆ ਮੰਤਰੀ ਓ ਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਪੰਜਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸੁਲੇਖ ਲਈ ਉਤਸ਼ਾਹਿਤ ਕਰਨ ਹਿੱਤ ਅਗਾਮੀ ਇਮਤਿਹਾਨਾਂ ਤੋਂ ਸੁੰਦਰ ਲਿਖਾਈ ਦੇ ਪੰਜ ਅੰਕ ਦੇਵੇਗਾ| ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਾਰੀ ਹਦਾਇਤ ਪੱਤਰ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੀ ਲਿਖਾਈ ਨੂੰ ਸੁੰਦਰ ਕਰਨ ਲਈ ਉਚੇਚੇ ਤੌਰ 'ਤੇ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੁੰਦਰ ਲਿਖਾਈ ਬੱਚਿਆਂ ਦਾ ਖਾਸ ਹੁਨਰ ਹੈ ਅਤੇ ਇਸ ਦੀ ਅਕਾਦਮਿਕ ਪੱਖੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ| ਸੁੰਦਰ ਲਿਖਤ ਸ਼ਖਸ਼ੀਅਤ ਦਾ ਪੱਖ ਸਾਕਾਰਾਤਮਕ ਰੂਪ 'ਚ ਪੇਸ਼ ਕਰਦੀ ਹੈ ਜਿਸ ਲਈ ਬੱਚਿਆਂ ਨੂੰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਅਧਿਆਪਕਾਂ ਵੱਲੋਂ ਸਮੇਂ-ਸਮੇਂ ਤੇ ਸਿਖਲਾਈ ਸਮਰ ਕੈਂਪਾਂ ਜਾਂ ਵਿਸ਼ੇਸ਼ ਬਾਲ ਸਭਾਵਾਂ 'ਚ ਦਿੱਤੀ ਜਾ ਰਹੀ ਹੈ| ਸੁੰਦਰ ਲਿਖਤ ਦੇ ਲਈ ਪ੍ਰਾਇਮਰੀ ਜਮਾਤਾਂ ਦੇ ਸੁਲੇਖ ਮੁਕਾਬਲੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਕਰਵਾਏ ਗਏ ਹਨ ਤੇ ਮੁੱਖ ਦਫਤਰ ਵਿਖੇ ਸੁਲੇਖ ਦੇ ਮਾਹਿਰ ਅਧਿਆਪਕਾਂ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਵੀ ਵਿਭਾਗ ਵੱਲੋਂ ਕੀਤਾ ਜਾ ਚੁੱਕਾ ਹੈ|
ਉਹਨਾਂ ਕਿਹਾ ਕਿ ਅਧਿਆਪਕ ਸਕੂਲਾਂ 'ਚ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਦੇ ਸਮੇਂ ਉਹਨਾਂ ਦੀ ਲਿਖਾਈ ਬਾਰੇ ਸਾਕਾਰਾਤਮਕ ਟਿੱਪਣੀਆਂ ਦੇ ਕੇ ਸੁਧਾਰ ਲਿਆਉਣ ਦੇ ਯਤਨ ਕੀਤੇ ਜਾ ਸਕਦੇ ਹਨ| ਇਸ ਲਈ ਅੱਖਰਾਂ ਦੀ ਸਹੀ ਬਣਾਵਟ, ਸ਼ਬਦਾਂ ਤੇ ਅੱਖਰਾਂ 'ਚ ਸਹੀ ਫ਼ਾਸਲਾ, ਅੱਖਰਾਂ ਦੀ ਇਕਸਾਰਤਾ, ਮਾਤਰਾਵਾਂ ਦੀ ਸਹੀ ਬਣਤਰ ਅਤੇ ਲਿਖਾਈ ਨੂੰ ਸੁੰਦਰ ਬਣਾਉਣ ਸਬੰਧੀ ਅਧਿਆਪਕ ਹੋਰ ਵੀ ਗਿਆਨ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਦੇ ਹਨ|
ਜਾਰੀ ਪੱਤਰ ਅਨੁਸਾਰ ਇਸ ਸਾਲ ਸੁੰਦਰ ਲਿਖਾਈ ਨੂੰ ਪ੍ਰਮੁੱਖਤਾ ਦਿੰਦਿਆਂ ਪ੍ਰਾਇਮਰੀ ਜਮਾਤਾਂ ਦਖ ਵਿਦਿਆਰਥੀਆਂ ਦੀ ਸਮੇਟਿਵ ਅਸੈਸਮੈਂਟ (ਐੱਸ.ਏ.) –2 ਪ੍ਰੀਖਿਆਵਾਂ ਦੇ ਉੱਤਰ ਸੁੰਦਰ ਲਿਖਾਈ 'ਚ ਹੱਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜ ਅੰਕ ਦਿੱਤੇ ਜਾਣਗੇ|