ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਜ਼ਿਲ੍ਹਾ ਪ੍ਰੀਸ਼ਦ ਭਵਨ ਵਿਖੇ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਹੋਈ ਮੀਟਿੰਗ ਮੌਕੇ ਪੰਚਾਂ-ਸਰਪੰਚਾਂ ਨਾਲ।
ਐਸ. ਏ. ਐਸ. ਨਗਰ, 22 ਜਨਵਰੀ 2019: ਹਲਕੇ ਦੇ ਵਿਕਾਸ ਕਾਰਜਾਂ 'ਤੇ 5 ਕਰੋੜ ਰੁਪਏ ਖਰਚੇ ਜਾਣਗੇ ਅਤੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋਂ ਪਛੜਿਆ ਨਹੀਂ ਰਹਿਣ ਦਿੱਤਾ ਜਾਵੇਗਾ। ਢਾਈ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਨਾਲ ਹਲਕੇ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਕਰਵਾਏ ਜੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰੀਸ਼ਦ ਭਵਨ ਵਿਖੇ ਹਲਕੇ ਦੇ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਸ. ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 31 ਜਨਵਰੀ ਤੱਕ ਮਤੇ ਪਾ ਕੇ ਭੇਜਣ ਲਈ ਕਿਹਾ ਤਾਂ ਜੋ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਪੰਚਾਇਤਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਵਿਕਾਸ ਕਾਰਜਾਂ ਦੀ ਸੂਚੀ ਬਣਾ ਕੇ ਮਤੇ ਪਾਉਣ ਲਈ ਕਿਹਾ ਤਾਂ ਜੋ ਪਿੰਡਾਂ ਦੇ ਜ਼ਰੂਰੀ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਏ ਜਾ ਸਕਣ।
ਸ. ਸਿੱਧੂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਪਹਿਲਾ ਕੰਮ ਇਲਾਕੇ ਦਾ ਵਿਕਾਸ ਕਰਵਾਉਣਾ ਹੁੰਦਾ ਹੈ, ਇਸ ਲਈ ਉਹ ਸਭ ਨੂੰ ਨਾਲ ਲੈ ਕੇ ਚੱਲਣ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਆਪੋ-ਆਪਣੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਮਤੇ ਪਾ ਕੇ ਭੇਜਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਜਿਸਦੇ ਜਿਥੇ ਉਹ ਮੰਤਰੀ ਹਨ ਉਥੇ ਹਲਕੇ ਦੇ ਵਿਧਾਇਕ ਵੀ ਹਨ, ਜਿਸਦਾ ਪੂਰਾ ਫਾਇਦਾ ਉਹ ਐਸ. ਏ. ਐਸ. ਨਗਰ ਵਾਸੀਆਂ ਨੂੰ ਹਲਕੇ ਦਾ ਵਿਕਾਸ ਕਰਵਾ ਕੇ ਦਿਵਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿੱਚ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਇਲਾਕੇ ਦੀ ਕਾਇਆ ਕਲਪ ਹੋ ਜਾਵੇਗੀ। ਇਸ ਮੌਕੇ ਸ. ਸਿੱਧੂ ਨੇ ਬਿਨਾਂ ਕਿਸੇ ਲੜਾਈ-ਝਗੜੇ ਤੋਂ ਪੰਚਾਇਤੀ ਚੋਣਾਂ ਹੋਣ 'ਤੇ ਪੰਚਾਂ-ਸਰਪੰਚਾਂ ਨੂੰ ਵਧਾਈ ਵੀ ਦਿੱਤੀ ਅਤੇ ਪਿੰਡਾਂ ਦੀ ਧੜੇਬੰਦੀ ਤੋਂ ਉਪਰ ਉੱਠ ਕੇ ਵਿਕਾਸ ਕਾਰਜਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਉਨ੍ਹਾਂ ਪੰਚਾਇਤ ਸੈਕਟਰੀਆਂ, ਬੀ. ਡੀ. ਪੀ. ਓਜ਼ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਦੇ ਵਿਕਾਸ ਕਾਰਜਾਂ ਵਿੱਚ ਕੋਈ ਕੁਤਾਈ ਨਾ ਵਰਤੀ ਜਾਵੇ ਅਤੇ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਲੈ ਕੇ ਕਈ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਵਿਚੋਂ ਇਕ ਪ੍ਰੋਗਰਾਮ ਤਹਿਤ ਵਣ ਵਿਭਾਗ ਵੱਲੋਂ ਪਿੰਡਾਂ ਵਿੱਚ ਲਾਉਣ ਲਈ ਮੁਫਤ ਪੌਦੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਮੱਦੇਨਜ਼ਰ ਹਰ ਪਿੰਡ ਨੂੰ 550 ਪੌਦੇ ਮੁਫਤ ਦਿੱਤੇ ਜਾਣਗੇ। ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਵਿੱਚ ਜੜੀਆਂ-ਬੂਟੀਆਂ ਵਾਲੇ ਪੌਦਿਆਂ ਸਮੇਤ ਬੂਟਿਆਂ ਦੀਆਂ ਹੋਰ ਦੁਰਲੱਭ ਜਾਤੀਆਂ ਨੂੰ ਬਚਾਉਣ ਲਈ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੂਟੇ ਲਾਉਣ ਅਤੇ ਆਵਾਰਾ ਪਸ਼ੂਆਂ ਤੋਂ ਫਸਲਾਂ ਨੂੰ ਬਚਾਉਣ ਲਈ ਕੀਤੀ ਜਾਣ ਵਾਲੀ ਫੈਂਸਿੰਗ 'ਤੇ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਨੇ ਸ. ਸਿੱਧੂ ਅਤੇ ਆਏ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ. ਸਿੱਧੂ ਵਲੋਂ ਹਲਕੇ ਦਾ ਵਿਕਾਸ ਕਰਨ ਲਈ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦਾ ਏਜੰਡਾ ਹੈ ਅਤੇ ਵਿਕਾਸ ਕਾਰਜ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਿੰਡ ਦੇ ਵਿਕਾਸ ਕਾਰਜ ਨੂੰ ਪਹਿਲ ਦੇ ਆਧਾਰ 'ਤੇ ਕਰਵਾਉਣ।
ਇਸ ਮੌਕੇ ਸਰਪੰਚ ਸ. ਗੁਰਪ੍ਰੀਤ ਸਿੰਘ ਢੀਂਡਸਾ ਜੁਝਾਰ ਨਗਰ, ਸਰਪੰਚ ਰਣਜੀਤ ਸਿੰਘ ਗਿੱਲ ਜਗਤਪੁਰਾ ਅਤੇ ਸਰਪੰਚ ਸ. ਛੱਜਾ ਸਿੰਘ ਕੁਰੜੀ ਨੇ ਆਪੋ-ਆਪਣੇ ਪਿੰਡਾਂ ਸਮੇਤ ਹਲਕੇ ਦੀਆਂ ਸਾਂਝੀਆਂ ਮੰਗਾਂ ਰੱਖਦਿਆਂ ਸ. ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਮੁੱਖ ਕਾਰਜਕਾਰੀ ਅਫਸਰ ਸ. ਰਵਿੰਦਰ ਸਿੰਘ ਸੰਧੂ, ਐਕਸੀਅਨ ਪੰਚਾਇਤੀ ਰਾਜ ਸ. ਕੁਲਦੀਪ ਸਿੰਘ ਗਰਚਾ, ਐਸ. ਡੀ. ਓ. ਪੰਚਾਇਤੀ ਰਾਜ ਸ. ਅਜੀਤ ਭੱਲਾ, ਬੀ. ਡੀ. ਪੀ. ਓ. ਖਰੜ ਸ. ਰਣਜੀਤ ਸਿੰਘ, ਬੀ. ਡੀ. ਪੀ. ਓ. ਮਾਜਰੀ ਹਿਤੇਨ ਕਪਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਸ਼੍ਰੀਮਤੀ ਜਸਵਿੰਦਰ ਕੌਰ ਦੁਰਾਲੀ, ਮੈਂਬਰ ਬਲਾਕ ਸੰਮਤੀ ਸ. ਮਨਜੀਤ ਸਿੰਘ ਤੰਗੌਰੀ, ਸ. ਰਘੁਵੀਰ ਸਿੰਘ ਚਾਉਮਾਜਰਾ, ਸ. ਗੁਰਬਿੰਦਰ ਸਿੰਘ ਬੜੀ, ਸ. ਬਲਜੀਤ ਸਿੰਘ ਭਾਗੋਮਾਜਰਾ, ਸ. ਸ਼ਮਸ਼ੇਰ ਸਿੰਘ ਕੈਲੋਂ, ਸ. ਗੁਰਦੀਪ ਸਿੰਘ ਬਾਸੀ ਅਤੇ ਕਾਂਗਰਸੀ ਆਗੂ ਸ. ਭਗਤ ਸਿੰਘ ਨਾਮਧਾਰੀ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।