ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 22 ਜਨਵਰੀ 2019 - ਜ਼ਿਲ੍ਹਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀ ਗੋਦਾਮਾਂ ਆਦਿ ਵਿੱਚੋਂ ਚਾਵਲਾਂ ਦੇ ਗੱਟੇ ਚੋਰੀ ਕਰਨ ਵਾਲੇ ਗਰੌਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਜ਼ਿਲ੍ਹਾ ਪੁਲਸ ਨੇ ਸਫ਼ਲਤਾ ਹਾਸਿਲ ਕੀਤੀ ਹੈ। ਉਹਨਾ ਦੱਸਿਆ ਕਿ ਬੀਤੀ 16-17 ਜਨਵਰੀ ਦੀ ਦਰਮਿਆਨੀ ਰਾਤ ਨੂੰ ਮੈ: ਕੋਟਕਪੂਰਾ ਫ਼ੂਡ ਪ੍ਰਾਈਵੇਟ ਲਿਮਟਿਡ ਕੋਟਕਪੂਰਾ ਸ਼ੈਲਰ ਦੀ ਕੱਧ ਟੱਪ ਕੇ ਨਾਮਾਲੂਮ ਵਿਅਕਤੀਆਂ ਵੱਲੋਂ ਗੌਦਾਮ ਵਿੱਚੋਂ 128 ਗੱਟੇ ਚਾਵਲ ਜਿੰਨ੍ਹਾਂ ਦੀ ਕੀਮਤ ਕਰੀਬ 4 ਲੱਖ 48 ਰੁਪਏ ਬਣਦੀ ਹੈ ਚੋਰੀ ਕਰਕੇ ਲੈ ਗਏ ਸਨ। ਉਹਨਾ ਦੱਸਿਆ ਕਿ 50-50 ਕਿੱਲੋ ਵਜ਼ਨੀ ਗੱਟੇ ਚੋਰੀ ਮਾਮਲੇ ਵਿੱਚ ਕੋਟਕਪੂਰਾ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਕਾਰਵਾਈ ਜਾਰੀ ਸੀ ਜਿਸਦੇ ਚੱਲਦਿਆਂ ਸੇਵਾ ਸਿੰਘ ਮੱਲ੍ਹੀ ਐਸ.ਪੀ (ਇੰਨਵੈਸਟੀਗੇਸ਼ਨ) ਅਤੇ ਯਾਦਵਿੰਦਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਇੰਨਸਪੈਕਟਰ ਨਰਿੰਦਰ ਸਿੰਘ ਇੰਨਚਾਰਜ਼ ਸੀ.ਆਈ.ਏ ਸਟਾਫ਼ ਫ਼ਰੀਦਕੋਟ ਵੱਲੋਂ ਦੌਰਾਨੇ ਤਫ਼ਤੀਸ਼ ਐਸ.ਆਈ ਸੁਰਿੰਦਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਗਸ਼ਤ ਸਮੇਂ 7 ਦੋਸ਼ੀਆਂ ਪ੍ਰਦੀਪ ਸਿੰਘ, ਦਵਿੰਦਰ ਸਿੰਘ, ਸੁਖਚੈਨ ਸਿੰਘ, ਗੁਰਮੰਗਤ ਸਿੰਘ ਉਰਫ਼ ਗੋਰਾ, ਸੋਨੀ ਸਿੰਘ ਉਰਫ਼ ਮਲੰਗ,
ਰਣਜੋਤ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਸਾਰੇ ਵਾਸੀ ਜ਼ੀਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾ ਦੱਸਿਆ ਕਿ ਇਹਨਾਂ ਦੋਸ਼ੀਆਂ ਪਾਸੋਂ ਮਹਿੰਦਰਾ ਪਿਕਅੱਪ ਅਤੇ 38 ਗੱਟੇ ਚਾਵਲ ਬਰਾਮਦਗੀ ਕਰ ਲਈ ਗਈ ਜਦਕਿ ਹੋਰ ਪੁੱਛਗਿੱਛ ਜਾਰੀ ਹੈ।