← ਪਿਛੇ ਪਰਤੋ
ਐਸ. ਏ. ਐਸ. ਨਗਰ, 22 ਜਨਵਰੀ 2019 - ਨਗਰ ਨਿਗਮ ਐਸ. ਏ. ਐਸ. ਨਗਰ ਦੇ ਕਮਿਸ਼ਨਰ ਸ. ਭੁਪਿੰਦਰਪਾਲ ਸਿੰਘ ਨੇ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਐਸ. ਏ. ਐਸ. ਨਗਰ ਦੀਆਂ ਗਲੀਆਂ ਵਿੱਚ ਗੈਰ ਕਾਨੂੰਨੀ ਤੌਰ 'ਤੇ ਪਾਰਕਿੰਗ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਕਿ ਗਲੀਆਂ ਵਿੱਚ ਗੈਰ ਕਾਨੂੰਨੀ ਤੌਰ 'ਤੇ ਪਾਰਕ ਕੀਤੇ ਵਾਹਨਾਂ ਕਾਰਨ ਲੋਕਾਂ ਦੀ ਆਵਾਜਾਈ ਅਤੇ ਪੁਲਸ/ਹੋਮ ਗਾਰਡ/ਫਾਇਰ ਟੈਂਡਰਜ਼/ ਮਿਊਂਸੀਪਲ ਕਾਰਪੋਰੇਸ਼ਨ/ਹੈਲਥ ਐਂਬੂਲੈਂਸ ਸਰਵਿਸ ਆਦਿ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਹੋਣ 'ਤੇ ਕਾਨੂੰਨ ਦੀ ਧਾਰਾ 283 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਉਸਾਰੀ ਅਤੇ ਨਿਰਮਾਣ ਨਾਲ ਸੰਬੰਧਤ ਸਮੱਗਰੀ ਗਲੀਆਂ ਵਿੱਚ ਸੁੱਟਣ 'ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨਾਲ ਐਸ. ਏ. ਐਸ. ਨਗਰ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ ਵੀ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ ।
Total Responses : 188