ਯਾਦਵਿੰਦਰ ਸਿੰਘ ਤੂਰ
ਸੰਦੌੜ, 22 ਜਨਵਰੀ 2019 - ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਸਬੇ ਸੰਦੌੜ 'ਚ ਮੰਗਲਵਾਰ ਦੀ ਸ਼ਾਮ ਹੋਈ ਗੜੇਮਾਰੀ ਨੇ ਇਲਾਕੇ 'ਚ ਆਵਾਜਾਈ ਪ੍ਰਭਾਵਿਤ ਕਰ ਦਿੱਤੀ। ਤਸਵੀਰਾਂ ਦੇਖਿਆਂ ਇੰਝ ਲੱਗਦਾ ਹੈ ਜਿਵੇਂ ਪੰਜਾਬ ਦਾ ਕੋਈ ਕਸਬਾ ਨਾ ਹੋ ਕੇ ਕੈਨੇਡਾ ਦੀ ਮਾਰਕਿਟ ਹੋਵੇ। ਕਿਉਂਕਿ ਘੰਟੇ ਤੋਂ ਵੱਧ ਹੋਈ ਜ਼ੋਰਦਾਰ ਗੜੇਮਾਰੀ ਕਾਰਨ ਲੋਕਾਂ ਦੇ ਘਰਾਂ ਦੇ ਅੱਗੇ ਅਤੇ ਗਲੀਆਂ ਨਾਲੀਆਂ 'ਚ ਗੜਿਆਂ ਕਾਰਨ ਬਰਫ਼ ਦੀ ਚਾਦਰ ਵਿਸ਼ ਗਈ । ਤੇਜ਼ ਮੀਂਹ ਦੇ ਨਾਲ ਭਾਰੀ ਗੜੇਮਾਰੀ ਨੇ ਆਮ ਜਨਜੀਵਨ ਠੱਪ ਕਰ ਦਿੱਤਾ।
ਕਸਬਾ ਸੰਦੌੜ ਦੇ ਨਾਲ ਲੱਗਦੇ ਪਿੰਡਾਂ 'ਚ ਵੀ ਨਜ਼ਾਰਾ ਕੁਝ ਅਜਿਹਾ ਹੀ ਨਜ਼ਰ ਆਇਆ ਜਿਥੇ ਲੋਕਾਂ ਨੇ ਘਰਾਂ ਅੱਗਿਉਂ ਬਰਫ ਦੇ ਲੱਗੇ ਢੇਰ ਨੂੰ ਹਟਾ ਕੇ ਦਰਵਾਜ਼ੇ ਖੋਲ੍ਹੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇੰਨੀ ਭਾਰੀ ਗੜੇਮਾਰੀ ਨਹੀਂ ਦੇਖੀ। ਲੋਕਾਂ ਦਾ ਕਹਿਣਾ ਹੈ ਕਿ ਇੰਨੀ ਜ਼ਬਰਦਸਤ ਗੜੇਮਾਰੀ ਕਾਰਨ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ। ਰਾਤ ਦੇ ਹਨ੍ਹੇਰੇ ਕਾਰਨ ਕੋਈ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਪਰ ਸਵੇਰ ਹੁੰਦਿਆਂ ਹੀ ਇਲਾਕੇ 'ਚ ਤਬਾਹ ਹੋਈ ਫਸਲ ਨੂੰ ਸਾਫ ਦੇਖਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਇਸੇ ਇਲਾਕੇ 'ਚ ਭਾਰੀ ਤੂਫਾਨ ਆਇਆ ਹੈ ਜਦਕਿ ਆਲੇ ਦੁਆਲੇ ਦੇ ਪਿੰਡਾਂ 'ਚ ਇੰਨੀ ਗੜੇਮਾਰੀ ਨਹੀਂ ਹੋਈ। ਕੁਝ ਮਹੀਨੇ ਪਹਿਲਾਂ ਵੀ ਇਸ ਇਲਾਕੇ 'ਚ ਜ਼ਬਰਦਸਤ ਤੂਫਾਨ ਆਇਆ ਸੀ ਤੇ ਉਸ ਵੇਲੇ ਮਲੇਰਕੋਟਲਾ-ਰਾਏਕੋਟ ਮੁੱਖ਼ ਮਾਰਗ 'ਤੇ ਵਸੇ ਕਸਬਾ ਸੰਦੌੜ 'ਚ ਭਾਰੀ ਨੁਕਸਾਨ ਹੋਇਆ ਸੀ। ਸੜਕ ਦੇ ਆਲੇ ਦੁਆਲੇ ਦੇ ਦਰਖਤ ਟੁੱਟਣ ਕਾਰਨ ਤਕਰੀਬਨ 24 ਤੋਂ 36 ਘੰਟਿਆਂ ਤੱਕ ਮੁੱਖ ਮਾਰਗ ਜਾਮ ਹੋ ਗਿਆ ਸੀ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/378141582969987/
ਤਸਵੀਰਾਂ ਹੇਠ ਦੇਖੋ :-
ਤਸਵੀਰ ਧੰਨਵਾਦ - ਗੁਰਪ੍ਰੀਤ ਚੀਮਾ