ਪਟਿਆਲਾ 25 ਜਨਵਰੀ 2019: ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਮੀਟਿੰਗ ਦੌਰਾਨ ਬੇਰੁਜ਼ਗਾਰ ਅਧਿਆਪਕਾਂਂ ਵੱਲੋਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਭਵਿੱਖ ਦੇ ਸੰਘਰਸ਼ਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ ਅਧਿਆਪਕ ਅਸਾਮੀਆਂ ਵੱਡੀ ਪੱਧਰ 'ਤੇ ਖਾਲੀ ਹੋਣ ਸਬੰਧੀ ਪੱਤਰਾਂ 'ਚ ਮੰਨ ਰਹੀ ਹੈ, ਤਾਂ ਨਵੀਂ ਭਰਤੀ ਕਿਓਂ ਨਹੀਂ ਕੀਤੀ ਜਾ ਰਹੀ ? ਉਹਨਾਂ ਕਿਹਾ ਕਿ ਸਿੱਖਿਆ ਸਭ ਤੋਂ ਅਹਿਮ ਮਹਿਕਮਾ ਹੁੰਦਾ ਹੈ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਮਹਿਕਮੇ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ। ਇੱਕ ਪਾਸੇ ਸਰਕਾਰੀ ਖਜ਼ਾਨੇ ਦਾ ਮੂੰਹ ਮੰਤਰੀਆਂ ਨੂੰ ਲਗ਼ਜ਼ਰੀ ਕਾਰਾਂ ਦੇਣ ਲਈ ਖੋਲ੍ਹਿਆ ਜਾ ਰਿਹਾ ਹੈ, ਦੂਜੇ ਪਾਸੇ ਖਾਲੀ ਖਜ਼ਾਨੇ ਦੀ ਦੁਹਾਈ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਅਧਿਆਪਕ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਹੋਣ 'ਤੇ ਯੂਨੀਅਨ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਸੂਬਾ ਕਮੇਟੀ ਮੈਂਬਰ ਅਮਨਦੀਪ ਸੇਖਾ ਨੇ ਕਿਹਾ ਕਿ ਸਕੂਲਾਂ 'ਚ ਸਾਰੀਆਂ ਖਾਲੀ ਅਸਾਮੀਆਂ ਭਰਨ, ਨਵੀਆਂ ਅਸਾਮੀਆਂ ਸਿਰਜਣ, ਅਧਿਆਪਕ-ਵਿਦਿਆਰਥੀ ਅਨੁਪਾਤ ਤਰਕਸੰਗਤ ਕਰਨ, ਇੱਕ ਅਧਿਆਪਕ ਨੂੰ ਦੂਜੇ ਵਿਸ਼ੇ ਦਾ ਕੰਮ ਨਾ ਦੇਣ, ਭਰਤੀ ਸਬੰਧੀ ਇਸ਼ਤਿਹਾਰ ਜਲਦ ਜਾਰੀ ਕਰਕੇ ਸਮੇਂ ਸਿਰ ਪ੍ਰਕਿਰਿਆ ਪੂਰੀ ਕਰਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਖਿਆ ਖੇਤਰ ਲਈ ਕੀਤੇ ਵਾਅਦੇ ਪੂਰੇ ਕਰਨ ਸਬੰਧੀ ਸੰਘਰਸ਼ ਹੋਰ ਤੇਜ਼ ਕਰਾਂਗੇ। ਇਸ ਮੌਕੇ ਕੁਲਦੀਪ ਮਾਨ, ਸੋਹਣ ਕੁਮਾਰ, ਪਰਮਜੀਤ ਸਿੰਘ, ਮਨਜੀਤ ਕੌਰ, ਸੁਖਦੀਪ ਕੌਰ, ਮਨਦੀਪ ਕੌਰ ਹਾਜ਼ਰ ਸਨ। ਕੀ ਹਨ ਮੰਗਾਂ –
1. ਸਾਰੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ । ਇਸ਼ਤਿਹਾਰ ਨਵੰਬਰ ਮਹੀਨੇ ਤੱਕ ਜਾਰੀ ਕੀਤਾ ਜਾਵੇ।
2. ਸਰਕਾਰੀ ਸਕੂਲਾਂ ਵਿੱਚ ਖਾਲੀ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ਤੇ ਭਰੀਆਂ ਜਾਣ ।
3. ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ ।
4. ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ ।
5. ਨਿੱਜੀਕਰਨ ਦੀ ਨੀਤੀ ਬੰਦ ਕਰਕੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ ।
6. ਰੈਸ਼ਨੇਲਾਈਜੇਸ਼ਨ ਨੂੰ ਤਰਕ ਸੰਗਤ ਬਣਾਇਆ ਜਾਵੇ।
ਅਸਾਮੀਆਂ ਖਤਮ ਕਰਨ ਦੀ ਬਜਾਏ, ਨਵੀਆਂ ਅਸਾਮੀਆਂ ਸਿਰਜੀਆਂ ਜਾਣ।