ਜੀ ਐੱਸ ਪੰਨੂ
ਪਟਿਆਲਾ, 25 ਜਨਵਰੀ 2019 - ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ ਦੇ ਪਿਤਾ ਸ. ਮਨਜੀਤ ਸਿੰਘ ਗਰੇਵਾਲ (84 ਸਾਲ), ਜੋ ਬੀਤੀ 20 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ 27 ਜਨਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਵੇਗੀ।
ਸ. ਮਨਜੀਤ ਸਿੰਘ ਗਰੇਵਾਲ ਆਪਣੀ ਧਰਮ ਸੁਪਤਨੀ ਸਰਦਾਰਨੀ ਰਣਜੀਤ ਕੌਰ, ਦੋ ਸਪੁੱਤਰਾਂ ਸ. ਸਰਵਿੰਦਰ ਸਿੰਘ ਅਤੇ ਸ. ਇਸ਼ਵਿੰਦਰ ਸਿੰਘ ਗਰੇਵਾਲ ਤੇ ਦੋ ਧੀਆਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਵਰਗੀ ਸ. ਗਰੇਵਾਲ ਨੇ ਲੰਮਾ ਸਮਾਂ ਸਹਿਕਾਰਤਾ ਵਿਭਾਗ 'ਚ ਬਤੌਰ ਇੰਸਪੈਕਟਰ ਅਤੇ ਮੈਨੇਜਰ ਸੇਵਾ ਨਿਭਾਈ।
27 ਸਤੰਬਰ 1934 ਨੂੰ ਪਿਤਾ ਸ. ਜਗਨੰਦਨ ਸਿੰਘ ਅਤੇ ਮਾਤਾ ਸਰਦਾਰਨੀ ਨਰੰਜਨ ਕੌਰ ਦੇ ਗ੍ਰਹਿ ਵਿਖੇ ਜਨਮੇ ਸ. ਗਰੇਵਾਲ ਇੱਕ ਮਿਹਨਤੀ, ਬਹੁਤ ਹੀ ਇਮਾਨਦਾਰ ਤੇ ਸਿਰੜੀ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਉਹ ਮਿਲਾਪੜੇ ਸੁਭਾਅ ਦੀ ਮਾਲਕ ਸ਼ਖ਼ਸੀਅਤ ਸਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਸਨ। ਸ. ਮਨਜੀਤ ਸਿੰਘ ਗਰੇਵਾਲ ਪਰਮਾਤਮਾ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਖ਼ਰਚਦਿਆਂ ਕੁਝ ਸਮਾਂ ਬਿਮਾਰ ਰਹਿਣ ਉਪਰੰਤ 20 ਜਨਵਰੀ 2019 ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰੂ ਚਰਨਾਂ 'ਚ ਜਾ ਬਿਰਾਜੇ