ਪੋਲੋ ਗਰਾਊਂਡ ਵਿਖੇ ਦੇਸ਼ ਦੇ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਇਸ਼ਾਰਿਆਂ ਦੀ ਭਾਸ਼ਾ ਨਾਲ ਬੋਲਣ ਤੇ ਸੁਨਣ ਤੋਂ ਅਸਮਰਥ ਵਿਅਕਤੀਆਂ ਨੂੰ ਸਮਾਗਮ ਤੋਂ ਜਾਣੂ ਕਰਵਾਉਂਦੇ ਹੋਏ ਸ੍ਰੀ ਨਿਤੇਸ਼ ਸ਼ਰਮਾ।
ਪਟਿਆਲਾ, 27 ਜਨਵਰੀ 2019: ਦੇਸ਼ ਦੇ 70ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਹੋਏ ਸ਼ਾਨਦਾਰ ਸਮਾਗਮ ਦੌਰਾਨ ਸੁਨਣ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਅਤੇ ਵਿਅਕਤੀਆਂ ਨੂੰ ਇਸ ਸਮਾਗਮ ਦੀ ਖੂਬਸੂਰਤੀ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ਼ਾਰਿਆਂ ਦੀ ਭਾਸ਼ਾ ਸਮਝਾਉਣ ਵਾਲੇ ਮਾਹਰ ਵਿਅਕਤੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਸਮਾਰੋਹ ਦੀ ਸ਼ੁਰੂਆਤ ਤੋਂ ਲੈਕੇ ਕੌਮੀ ਗੀਤ ਤੱਕ ਇਸ਼ਾਰਿਆਂ ਦੀ ਭਾਸ਼ਾ ਸਮਝਾਉਣ ਵਾਲੇ ਸ੍ਰੀ ਨਿਤੇਸ਼ ਸ਼ਰਮਾ ਨੇ ਮੰਚ ਦੇ ਸੱਜੇ ਪਾਸੇ ਬੈਠੇ 52 ਅਜਿਹੇ ਖਾਸ ਵਿਅਕਤੀਆਂ ਸਮੇਤ ਵਿਦਿਆਰਥੀਆਂ ਨੂੰ ਸਮੁੱਚੇ ਸਮਾਗਮ ਬਾਰੇ ਦੱਸਣ ਲਈ ਜਦੋਂ ਇਸ਼ਾਰੇ ਕਰਨੇ ਸ਼ੁਰੂ ਕੀਤੇ ਤਾਂ ਇਸ ਦ੍ਰਿਸ਼ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਗਿਆ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਰੰਗਾ ਲਹਿਰਾਏ ਜਾਣ, ਪਰੇਡ ਦਾ ਨਿਰੀਖਣ, ਪੰਜਾਬ ਵਾਸੀਆਂ ਦੇ ਨਾਮ ਆਪਣਾਂ ਸੰਦੇਸ਼ ਅਤੇ ਝਾਕੀਆਂ ਸਮੇਤ ਰੰਗਾਰੰਗ ਪ੍ਰੋਗਰਾਮ ਆਦਿ ਸਭ ਦੀ ਜਾਣਕਾਰੀ ਨਿਤੇਸ਼ ਸ਼ਰਮਾ ਨੇ ਇਸ਼ਾਰਿਆਂ ਦੀ ਖਾਸ ਭਾਸ਼ਾ 'ਚ ਸਾਂਝੀ ਕੀਤੀ।
ਇਸ ਮੌਕੇ ਪਟਿਆਲਾ ਐਸੋਸੀਏਸ਼ਨ ਆਫ਼ ਦੀ ਡੈਫ਼ ਦੇ ਪ੍ਰਧਾਨ ਸ੍ਰੀ ਜਗਦੀਪ ਸਿੰਘ ਨੇ ਦੱਸਿਆ ਕਿ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀ ਸਾਰਾ ਕੁਝ ਦੇਖ ਤਾਂ ਸਕਦੇ ਹਨ ਪਰੰਤੂ ਆਵਾਜ ਦਾ ਆਨੰਦ ਨਹੀਂ ਮਾਣ ਸਕਦੇ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਕਰਵਾਏ ਗਏ ਪ੍ਰਬੰਧਾਂ ਨੇ ਅੱਜ ਉਨ੍ਹਾਂ ਦੀ ਇਹ ਰੀਝ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇ 52 ਵਿਅਕਤੀ ਇਸ ਸਮਾਗਮ 'ਚ ਸ਼ਾਮਲ ਹੋਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਪਟਿਆਲਾ ਸਕੂਲ ਆਫ਼ ਬਲਾਇੰਡ ਦੇ 25 ਵਿਦਿਆਰਥੀਆਂ ਨੇ ਪਰੇਡ 'ਚ ਹਿੱਸਾ ਲਿਆ ਉਥੇ ਹੀ ਕਰਨਲ ਕਰਮਿੰਦਰਾ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਫਾਰ ਡੈਫ਼ ਐਂਡ ਡੰਬ ਸੈਫ਼ਦੀਪੁਰ ਦੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ 'ਚ ਹਿੱਸਾ ਲੈ ਕੇ ਇਸ ਸਮਗਾਮ ਦਾ ਇਸ਼ਾਰਿਆਂ ਦੀ ਭਾਸ਼ਾ ਨਾਲ ਆਨੰਦ ਮਾਣਿਆ ਹੈ।