ਚੰਡੀਗੜ੍ਹ, 30 ਜਨਵਰੀ 2019 - ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਪਣੀ ਚਿਰਾਂ ਤੋਂ ਭਾਈਵਾਲ ਪਾਰਟੀ ਭਾਜਪਾ ਨਾਲ ਸੁਰ ਵਿਗੜਦੇ ਨਜ਼ਰ ਆ ਰਹੇ ਹਨ। ਤੇ ਗਠਜੋੜ ਵਿਚ ਸ਼ੁਰੂ ਹੋਈ ਇਸ ਖਿੱਚੋ ਤਾਣ ਵਿਚ ਆਰ.ਐਸ.ਐਸ ਵੀ ਕੁੱਦ ਪਈ ਹੈ, ਪਰ ਆਰ.ਐੱਸ.ਐੱਸ ਨੇ ਇਹ ਦਾਖ਼ਲ ਆਪਣੇ ਸਿੱਖ ਵਿੰਗ ਰਾਸ਼ਟਰੀ ਸਿੱਖ ਸੰਗਤ ਰਾਹੀਂ ਦਿੱਤਾ ਹੈ। ਇਸ ਸ਼ਬਦੀ ਲੜਾਈ ਦਾ ਫੌਰੀ ਮੁੱਦਾ ਤਾਂ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਮਹਾਰਾਸ਼ਟਰ ਸਰਕਾਰ ਦਾ ਦਖਲ ਬਣਿਆ ਹੈ ਪਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਅਤੇ ਵੋਟ ਬੈਂਕ ਦੀ ਰਾਜਨੀਤੀ ਵੀ ਇਸਦਾ ਅਸਲ ਕਾਰਨ ਹੋ ਸਕਦੀ ਹੈ।
ਅਕਾਲੀ ਦਲ ਵੱਲੋਂ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਕਮੇਟੀ ਦੇ ਐਕਟ 'ਚ ਭਾਜਪਾ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਭਾਜਪਾ ਨੂੰ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਅਕਾਲੀਦਲ ਦਾ ਗਠਜੋੜ ਅਲੱਗ ਗੱਲ ਹੈ ਪਰ ਧਾਰਮਿਕ ਮੁੱਦਿਆਂ 'ਚ ਭਾਜਪਾ ਵੱਲੋਂ ਦਖਲ ਅੰਦਾਜੀ ਕਰ ਕੇ ਚੰਗਾ ਨਹੀਂ ਕੀਤਾ ਜਾ ਰਿਹਾ। ਸਿਰਸਾ ਨੇ ਕਿਹਾ ਕਿ ਧਰਮ ਦੀ ਖਾਤਿਰ ਜੇਕਰ ਭਾਜਪਾ ਨਾਲੋਂ ਗਠਜੋੜ ਤੋੜਨ ਦੀ ਨੌਬਤ ਆਈ ਤਾਂ ਅਕਾਲੀ ਦਲ ਪਿੱਛੇ ਨਹੀਂ ਹਟੇਗਾ। ਉਥੇ ਹੀ ਅਕਾਲੀਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਹਜ਼ੂਰ ਸਾਹਿਬ ਗੁਰਦੁਆਰਾ ਕਮੇਟੀ 'ਚ ਦਖਲਅੰਦਾਜੀ ਸਹੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਇਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਹਾਰਾਸ਼ਟਰ ਸੀਐਮ ਨਾਲ ਇਸ ਬਾਬਤ ਗੱਲ ਵੀ ਕੀਤੀ ਗਈ ਹੈ।
ਆਰਐਸਐਸ ਵੱਲੋਂ ਵੀ ਅਕਾਲੀਦਲ 'ਤੇ ਇਸ ਮਸਲੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਗਏ ਹਨ। ਆਰਐਸਐਸ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਵੱਲੋਂ ਇਕ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਵਿਸ਼ਿਆਂ 'ਤੇ ਕਾਰਜ ਕਰਨ ਦਾ ਕੇਵਲ ਅਕਾਲੀਦਲ ਦਾ ਹੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਧਾਰਮਿਕ ਸਥਾਨਾਂ ਨੂੰ ਰਾਜਨੀਤਕ ਹਿਤਾਂ ਲਈ ਵਰਤਦਾ ਆਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਰਾਜਨੀਤਕ ਲਾਹਿਆਂ ਦੀ ਖਾਤਿਰ ਅਕਾਲੀ ਦਲ ਨੇ ਪੰਜ ਸਿੰਘ ਸਾਹਿਬਾਨਾਂ 'ਤੇ ਦਬਾਅ ਪਾ ਕੇ ਡੇਰਾ ਮੁਖੀ ਨੂੰ ਮਾਫੀ ਦੁਆਈ ਅਤੇ ਐਸਜੀਪੀਸੀ ਜ਼ਰੀਏ 82 ਲੱਖ ਰੁਪਏ ਦਾ ਇਸ਼ਤਿਹਾਰ ਦੁਆਇਆ ਤਾਂ ਕਿ ਡੇਰਾ ਸਮਰਥਕਾਂ ਦੀ ਵੋਟ ਹਾਸਲ ਹੋ ਸਕੇ। ਸ਼ਾਸਤਰੀ ਨੇ ਕਿਹਾ ਕਿ ਮਨਜਿੰਦਰ ਸਿਰਸਾ ਨੂੰ ਭਾਜਪਾ ਦੀ ਅਲੋਚਨਾ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਗੱਲ ਤੋਂ ਅਸਹਿਮਤ ਹਨ ਤਾਂ ਪਾਰਟੀ ਅਹੁਦਾ ਤਿਆਗ ਦੇਣ। ਉਥੇ ਹੀ ਉਨ੍ਹਾਂ ਨਾਂਦੇੜ ਬੋਰਡ 'ਤੇ ਬੋਲਦਿਆਂ ਕਿਹਾ ਕਿ ਉਹ ਉਥੋਂ ਦੀ ਸਰਕਾਰ ਦਾ ਫੈਸਲਾ ਹੈ ਕਿਉਂਕਿ ਉਹ ਕਾਨੂੰਨ ਤਹਿਤ ਹੈ। ਉਨ੍ਹਾਂ ਕਿਹਾ ਕਿ ਅਕਾਲੀਦਲ ਨੂੰ ਤਕਲੀਫ ਇਸ ਲਈ ਹੈ ਕਿ ਜੇਕਰ ਇਸ ਬੋਰਡ 'ਚ ਚੰਗੇ ਗੁਰਸਿੱਖ ਆ ਗਏ ਤਾਂ ਉਨ੍ਹਾਂ ਦਾ ਧਾਰਮਿਕ ਸਥਾਨਾਂ ਤੋਂ ਕਬਜ਼ਾ ਚੁੱਕਿਆ ਜਾਵੇਗਾ ਤੇ ਮਨਮਰਜੀਆਂ ਖਤਮ ਹੋ ਜਾਣਗੀਆਂ।
ਉਥੇ ਹੀ ਦੂਜੇ ਪਾਸੇ ਭਾਜਪਾ ਦੇ ਕੌਮੀ ਸਕੱਤਰ ਆਰ.ਪੀ ਸਿੰਘ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਨਾਲ ਅਲਾਇੰਸ ਤੋੜਨ ਦੀ ਗੱਲ ਹੈ ਤਾਂ ਪਹਿਲਾਂ ਅਹੁਦੇ ਛੱਡੋ।' ਭਾਵ ਕਿ ਭਾਜਪਾ ਸਰਕਾਰ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ ਆਪਣਾ ਅਹੁਦਾ ਛੱਡਣ। ਉਨ੍ਹਾਂ ਕਿਹਾ ਕਿ ਸਾਰੇ ਸਿੱਖ ਅਕਾਲੀ ਨਹੀਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਿਰਫ ਵੋਟ ਬੈਂਕ ਕਾਰਨ ਅਜਿਹਾ ਕੁਝ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮਹਾਰਾਸ਼ਟਰ ਸੀਐਮ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਲਈ ਅਪੀਲ ਕੀਤੀ ਸੀ। ਬੀਬੀ ਬਾਦਲ ਨੇ ਸ੍ਰੀ ਹਜ਼ੂਰ ਸਾਹਿਬ ਪ੍ਰਬੰਧ ਐਕਟ, 1956 ਦੀ ਧਾਰਾ 11 ਵਿਚ ਸੋਧ ਕਰਨ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਧਾਨਗੀ ਸਿੱਖ ਕੌਮ ਕੋਲ ਹੀ ਹੋਣੀ ਚਾਹੀਦੀ ਹੈ ਤੇ ਪਹਿਲਾਂ ਤੋਂ ਚੱਲੀ ਆ ਰਹੀ ਹਜ਼ੂਰ ਸਾਹਿਬ ਦੀ 17 ਮੈਂਬਰੀ ਕਮੇਟੀ ਕੋਲ ਹੀ ਪ੍ਰਧਾਨ ਚੁਣਨ ਦਾ ਫੈਸਲਾ ਛੱਡਿਆ ਜਾਣਾ ਚਾਹੀਦਾ ਹੈ। ਜਿਸ 'ਚ ਸੂਬਾ ਸਰਕਾਰ ਦਾ ਕੋਈ ਵੀ ਤੁਅੱਲਕ ਨਹੀਂ ਹੋਣਾ ਚਾਹੀਦਾ।
ਪਰ ਸਵਾਲ ਇਹੋ ਜਿਹੀ ਘੜੀ 'ਚ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਅਕਾਲੀ ਦਲ ਵਾਕਿਆ ਹੀ ਧਾਰਮਿਕ ਮੁੱਦੇ ਨੂੰ ਲੈ ਕੇ ਭਾਜਪਾ ਨਾਲੋਂ ਗਠਜੋੜ ਤੋੜਨ ਦੀ ਗੱਲ ਆਖ ਰਿਹਾ ਹੈ ਜਾਂ ਫਿਰ ਲੋਕ ਸਭਾ ਚੋਣਾਂ ਦੀਆਂ ਸੀਟਾਂ ਨੂੰ ਲੈ ਕੇ ਆਪਣੀ ਖਿੱਚੋਤਾਣ ਵਧ ਰਿਹਾ ਹੈ।