ਪਟਿਆਲਾ 03 ਫਰਵਰੀ 2019 ਜੀ ਐੱਸ ਪੰਨੂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਦੇਸ਼ ਦੇ ਕਈ ਹੋਰ ਅਦਾਰਿਆਂ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਾਲੇ ਵੱਲੋਂ 'ਰੂਸਾ' ਗ੍ਰਾਂਟ ਜ਼ਾਰੀ ਕਰਨ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਤੋਂ ਡਿਜੀਟਲ ਮੋਡ ਰਾਹੀਂ ਐਲਾਨ ਕੀਤਾ ਗਿਆ। ਇਸ ਰਸਮ ਸਮੇਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ, ਫੈ਼ਕਲਟੀ ਮੈਂਬਰ ਅਤੇ ਬਹੁਤ ਸਾਰੇ ਵਿਦਿਆਰਥੀ ਸਾਇੰਸ ਆਡੋਟੋਰੀਅਮ ਵਿਚ ਮੌਜੂਦ ਰਹੇ ਜਿੱਥੇ ਆਈ.ਕਿਊ.ਏ.ਸੀ. ਵਿਭਾਗ ਵੱਲੋਂ ਸਕਰੀਨ ਦੇ ਜ਼ਰੀਏ ਇਸ ਐਲਾਨ ਦੇ ਸਿੱਧੇ ਪ੍ਰਸਾਰਣ ਨੂੰ ਵੇਖਣ ਦਾ ਪ੍ਰਬੰਧ ਕੀਤਾ ਹੋਇਆ ਸੀ।
ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ 'ਰਾਸ਼ਟਰੀ ਉੱਚ ਸਿੱਖਿਆ ਅਭਿਆਨ', ਜਿਸ ਨੂੰ ਕਿ 'ਰੂਸਾ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਤਹਿਤ ਪੰਜਾਹ ਕਰੋੜ ਰੁਪਏ ਦੀ ਗ੍ਰਾਂਟ ਜ਼ਾਰੀ ਹੋਣੀ ਹੈ। ਉਨ੍ਹਾਂ ਦੱਸਿਆ ਕਿ ਇਸ ਡਿਜੀਟਲ ਲਾਂਚ ਦੇ ਪ੍ਰੋਗਰਾਮ ਵਿਚ ਪੰਜਾਬ ਦੀਆਂ ਸਿਰਫ ਦੋ ਯੂਨੀਵਰਸਿਟੀਆਂ ਨੂੰ ਸਿੱਧੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿਚੋਂ ਪੰਦਰਾਂ ਕਰੋੜ ਦੀ ਰਾਸ਼ੀ ਬੱਚਿਆਂ ਦੇ ਰੁਜ਼ਗਾਰ ਸੰਬੰਧੀ ਮੌਕੇ ਪੈਦਾ ਕਰਨ ਲਈ ਵਰਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਦੇ ਖੇਤਰ ਨੂੰ ਹੋਰ ਮਿਆਰੀ ਬਣਾਉਣ ਹਿਤ ਛੇ ਖੋਜ਼ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਆਈ.ਕਿਊ.ਏ.ਸੀ. ਦੇ ਡਾਇਰੈਕਟਰ ਡਾ. ਮਨਜੀਤ ਪੱਤੜ ਅਤੇ ਪਲੇਸਮੈਂਟ ਸੈੱਲ ਦੇ ਮੁਖੀ ਡਾ. ਬਲਰਾਜ ਵੱਲੋਂ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ ਕਿ ਉਹ ਰੁਜ਼ਗਾਰ ਸੰਬੰਧੀ ਨਵੀਆਂ ਯੋਜਨਾਵਾਂ ਵਿਚ ਕਿਵੇਂ ਭਾਗੀਦਾਰ ਬਣ ਸਕਦੇ ਹਨ।