← ਪਿਛੇ ਪਰਤੋ
ਪਟਿਆਲਾ, 09 ਫਰਵਰੀ 2019: ਪਟਿਆਲਾ ਜ਼ਿਲ੍ਹੇ ਨੂੰ ਬਿਹਤਰ ਕਾਰਗੁਜਾਰੀ ਦਿਖਾਉਣ ਬਦਲੇ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਮੁੱਖ ਮੰਤਰੀ ਨੇ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜਾਰੀ ਲਈ ਜ਼ਿਲ੍ਹਿਆਂ ਨੂੰ ਇਹ ਪੁਰਸਕਾਰ ਪ੍ਰਦਾਨ ਕਰਦਿਆਂ ਪਟਿਆਲਾ ਪੁਲਿਸ ਵੱਲੋਂ ਬੀਤੇ ਸਮੇਂ ਦੌਰਾਨ ਦਿਖਾਈ ਗਈ ਬਿਹਤਰ ਕਾਰਗੁਜਾਰੀ ਦੀ ਪ੍ਰਸੰਸਾ ਕਰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਚੰਡੀਗੜ੍ਹ ਵਿਖੇ ਇੰਡੀਆ ਟੂਡੇ ਗਰੁੱਪ ਵੱਲੋਂ ਕਰਵਾਈ ਇੱਕ ਕਨਕਲੇਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਪੁਰਸਕਾਰ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪ੍ਰਾਪਤ ਕੀਤਾ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਪੰਜਾਬ ਸਰਕਾਰ ਵੱਲੋਂ ਅਰੰਭੇ ਫਲੈਗਸ਼ਿਪ ਪ੍ਰੋਗਰਾਮ ਨਸ਼ਾ ਮੁਕਤ ਪੰਜਾਬ ਨੂੰ ਕਾਮਯਾਬ ਕਰਨ ਲਈ ਯਤਨ ਹੋਰ ਤੇਜ ਕੀਤੇ ਜਾਣ। ਐਸ.ਐਸ.ਪੀ. ਸ. ਸਿੱਧੂ ਨੇ ਮੁੱਖ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਕਾਨੂੰਨ ਵਿਵਸਥਾ ਦੇ ਖੇਤਰ 'ਚ ਵਧੀਆ ਕਾਰਗੁਜਾਰੀ ਲਈ ਸਨਮਾਨੇ ਜਾਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਜਿੱਥੇ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਣਾਇਆ ਉਥੇ ਹੀ ਗੈਂਗਸਟਰਾਂ ਨੂੰ ਕਾਬੂ ਕਰਨ ਸਮੇਤ ਗ਼ੈਰ ਸਮਾਜੀ ਅਨਸਰਾਂ ਨੂੰ ਵੀ ਵੱਡੇ ਪੱਧਰ 'ਤੇ ਨੱਥ ਪਾਈ ਹੈ ਅਤੇ ਦੋ ਦਰਜਨ ਦੇ ਕਰੀਬ ਅੰਨ੍ਹੇ ਕਤਲਾਂ ਦੀ ਵੀ ਗੁੱਥੀ ਸੁਲਝਾਈ ਹੈ। ਸ. ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਗ਼ੈਰ ਸਮਾਜੀ ਤੱਤਾਂ ਨੂੰ ਨੱਥ ਪਾਉਣ ਲਈ ਹਰ ਸਮੇਂ ਤਤਪਰ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣ ਲਈ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ।
Total Responses : 936