ਫ਼ਿਰੋਜ਼ਪੁਰ , 10 ਫਰਵਰੀ (ਗੁਰਿੰਦਰ ਸਿੰਘ) ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਅੱਜ ਪੁਲਸ ਵਲੋਂ ਪਟਿਆਲਾ ਵਿਖੇ ਮੁਜ਼ਾਹਰਾਕਾਰੀ ਅਧਿਆਪਕਾਂ ਉਤੇ ਕੀਤੇ ਵਹਿਸ਼ੀ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖਤ ਨਿੰਦਾ ਕੀਤੀ ਹੈ ।
ਸੂਬਾ ਖਜਾਨਚੀ ਗੁਰਤੇਜ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ, ਜਨਰਲ ਸਕੱਤਰ ਬਲਜਿੰਦਰ ਸਿੰਘ ਜੋਸਨ, ਜ਼ਿਲ੍ਹਾ ਖਜਾਨਚੀ ਸੰਤੋਖ ਸਿੰਘ ਤੱਖੀ ਅਤੇ ਸ੍ਰਪ੍ਰਸਤ ਨਿਸ਼ਾਨ ਸਿੰਘ ਵਲੋਂ ਇਥੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਰੀ ਤਨਖਾਹ 'ਤੇ ਪੱਕੇ ਕੀਤੇ ਜਾਣ ਦੀ ਜਾਇਜ਼ ਮੰਗ ਨੂੰ ਲੈ ਕੇ ਅਧਿਆਪਕ ਬੀਤੇ ਕਈ ਮਹਿਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ , ਪਰ ਕੈਪਟਨ ਸਰਕਾਰ ਉਨ੍ਹਾਂ ਨਾਲ ਗੱਲਬਾਤ ਦੌਰਾਨ ਕੀਤੇ ਸਮਝੌਤਿਆਂ ਤੋਂ ਵਾਰ ਵਾਰ ਮੁਕਰ ਰਹੀ ਹੈ । ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਗੁੱਸਾ ਤੇ ਬੇਚੈਨੀ ਹੈ । ਅਪਣੇ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਖੁੱਲ੍ਹੇ ਦਿਲ ਨਾਲ ਜਨਤਾ ਦਾ ਖਜ਼ਾਨਾ ਲੁਟਾਉਣ ਵਾਲੀ ਇਹ ਗੈਰ ਜ਼ਿੰਮੇਵਾਰ ਸਰਕਾਰ , ਕੌਮ ਦੇ ਨਿਰਮਾਤਾ ਮੰਨੇ ਜਾਂਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦੇਣ ਲਈ ਵੀ ਤਿਆਰ ਨਹੀਂ । ਉਲਟਾ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣ ਲਈ ਦੂਰ ਦੁਰੇਡੇ ਬਦਲੀਆਂ , ਮੁਅਤਲੀਆਂ ਤੇ ਬਰਖਾਸਤਗੀਆਂ ਤੋਂ ਅੱਗੇ ਹੁਣ ਸਿੱਧਾ ਸੜਕਾਂ ਉਤੇ ਉਨ੍ਹਾਂ ਦੇ ਸਿਰ ਪਾੜ੍ਹਨ ਤੇ ਲੱਤਾਂ ਬਾਹਾਂ ਤੋੜਨ ਤੱਕ ਨਿਘਰ ਗਈ ਹੈ । ਅਸੀਂ ਅਧਿਆਪਕਾਂ ਦੀਆਂ ਮੰਗਾਂ ਤੇ ਅੰਦੋਲਨ ਦੀ ਪੂਰਨ ਹਿਮਾਇਤ ਕਰਦੇ ਹਾਂ । ਕਾਂਗਰਸ ਯਾਦ ਰਖੇ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਜਨਤਾ ਉਸ ਨੂੰ ਸਾਰੇ ਚੋਣ ਵਾਦਿਆਂ ਤੋਂ ਮੁਕਰਨ ਤੇ ਜਬਰ ਢਾਹੁਣ ਦਾ ਸਬਕ ਜ਼ਰੂਰ ਸਿਖਾਵੇਗੀ ।